ਮੁੰਬਈ (ਸਮਾਜ ਵੀਕਲੀ) : ਮੁਕਾਮੀ ਕੋਰਟ ਨੇ ਦੇਰ ਰਾਤ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਊਸ ਨੂੰ 18 ਨਵੰਬਰ ਤਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਕੋਰਟ ਨੇ ਅਰਨਬ ਦੀ ਅਰਜ਼ੀ ’ਤੇ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਤੋਂ ਜਵਾਬ ਮੰਗਿਆ ਸੀ। ਅਲੀਬਾਗ ਕੋਰਟ ਵਿੱਚ ਪੁਲੀਸ ਨੇ ਗੋਸਵਾਮੀ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ।
ਇਸ ਤੋਂ ਪਹਿਲਾਂ ਮੁੰਬਈ ਪੁਲੀਸ ਨੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ, ਉਨ੍ਹਾਂ ਦੀ ਪਤਨੀ, ਪੁੱਤ ਅਤੇ ਦੋ ਹੋਰਨਾਂ ਖ਼ਿਲਾਫ਼ ਅਰਨਬ ਨੂੰ ਗ੍ਰਿਫ਼ਤਾਰ ਕਰਨ ਆਏ ਪੁਲੀਸ ਅਧਿਕਾਰੀਆਂ ’ਤੇ ਕਥਿਤ ਹਮਲਾ ਕਰਨ ਅਤੇ ਉਨ੍ਹਾਂ ਦੇ ਕੰਮ ’ਚ ਅੜਿੱਕਾ ਪਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਗੋਸਵਾਮੀ ਨੂੰ ਗ੍ਰਿਫ਼ਤਾਰ ਕਰਨ ਲਈ ਉਹਦੀ ਲੋਵਰ ਪਾਰੇਲ ਸਥਿਤ ਰਿਹਾਇਸ਼ ’ਤੇ ਗਈ ਪੁਲੀਸ ਟੀਮ ’ਚ ਸ਼ਾਮਲ ਮਹਿਲਾ ਪੁਲੀਸ ਅਧਿਕਾਰੀ ਨੇ ਅਰਨਬ ਤੇ ਹੋਰਨਾਂ ਖ਼ਿਲਾਫ਼ ਐੱਨ.ਐੱਮ.ਜੋਸ਼ੀ ਮਾਰਗ ਪੁਲੀਸ ਸਟੇਸ਼ਨ ਵਿੱਚ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕੀਤੀ ਸੀ।