ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਅੱਜ ਪਰਾਲੀ ਸਾੜਨ ਦੀਆਂ 3560 ਘਟਨਾਵਾਂ ਵਾਪਰੀਆਂ ਹਨ ਹਨ ਤੇ ਇਨ੍ਹਾਂ ’ਚੋਂ ਸਭ ਤੋਂ ਵੱਧ 593 ਥਾਵਾਂ ’ਤੇ ਪਰਾਲੀ ਸੰਗਰੂਰ ਜ਼ਿਲ੍ਹੇ ’ਚ ਸਾੜੀ ਗਈ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਝੋਨੇ ਦੇ ਸੀਜ਼ਨ ਦੌਰਾਨ 21 ਸਤੰਬਰ ਤੋਂ ਲੈ ਕੇ 1 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 33165 ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਕਿ ਪਿਛਲੇ ਸਾਲ ਮੁਕਾਬਲੇ 34 ਫੀਸਦ ਵੱਧ ਹਨ। ਪਿਛਲੇ ਸਾਲ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ 24,722 ਘਟਨਾਵਾਂ ਵਾਪਰੀਆਂ ਸਨ। ਸਰਕਾਰੀ ਅੰਕੜਿਆਂ ਅਨੁਸਾਰ ਸੰਗਰੂਰ, ਫਿਰੋਜ਼ਪੁਰ ਤੇ ਬਠਿੰਡਾ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੀਆਂ ਕ੍ਰਮਵਾਰ 593, 375 ਤੇ 373 ਘਟਨਾਵਾਂ ਇੱਕ ਦਿਨ ’ਚ ਵਾਪਰੀਆਂ ਹਨ ਜਦਕਿ ਇਸ ਤੋਂ ਬਾਅਦ ਮੁਕਤਸਰ, ਲੁਧਿਆਣਾ, ਪਟਿਆਲਾ ਤੇ ਮਾਨਸਾ ’ਚ ਕ੍ਰਮਵਾਰ 276, 267, 254 ਤੇ 247 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ। ਉੱਧਰ ਪੰਜਾਬ ਸਰਕਾਰ ਨੇ ਅੱਜ ਦਾਅਵਾ ਕੀਤਾ ਹੈ ਕਿ ਸੂਬੇ ਦੀ ਹਵਾ ਦਾ ਮਿਆਰ ਗੁਆਂਢੀ ਸੂਬੇ ਹਰਿਆਣਾ ਤੇ ਕੌਮੀ ਰਾਜਧਾਨੀ ਦਿੱਲੀ ਨਾਲੋਂ ਬਿਹਤਰ ਹੈ।