ਨਵੀਂ ਦਿੱਲੀ (ਸਮਾਜ ਵੀਕਲੀ) : ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਚਾਹੁੰਦੇ ਸਨ ਕਿ ਉਹ ਵਿੱਤ ਮੰਤਰਾਲੇ ’ਚੋਂ ਬਾਹਰ ਹੋ ਜਾਣ। ਦੱਸਣਯੋਗ ਹੈ ਕਿ ਗਰਗ ਦਾ ਪਿਛਲੇ ਵਰ੍ਹੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਜਟ ਦੇ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਵਿੱਤ ਮੰਤਰਾਲੇ ਤੋਂ ਤਬਾਦਲਾ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੀਤਾਰਾਮਨ ਨੇ ਹੀ ਉਨ੍ਹਾਂ ਦੀ ਵਿੱਤ ਮੰਤਰਾਲੇ ਵਿਚੋਂ ਬਦਲੀ ਕਰਵਾਈ ਸੀ।
ਗਰਗ ਨੇ ਮੰਤਰਾਲੇ ’ਚੋਂ ਬਦਲੀ ਹੋਣ ’ਤੇ ਜਲਦੀ ਹੀ ਮਰਜ਼ੀ ਨਾਲ ਸੇਵਾਮੁਕਤੀ ਲੈ ਲਈ ਸੀ। ਉਨ੍ਹਾਂ ਕਿਹਾ ਕਿ ਸੀਤਾਰਾਮਨ ਦੀ ‘ਸ਼ਖ਼ਸੀਅਤ ਅਤੇ ਗਿਆਨ ਉਨ੍ਹਾਂ ਤੋਂ ਪਹਿਲੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਬਿਲਕੁਲ ਵੱਖਰੇ ਸਨ।’ ਸਾਬਕਾ ਵਿੱਤ ਸਕੱਤਰ ਨੇ ਕਿਹਾ ਕਿ ਵਿੱਤ ਮੰਤਰੀ ‘ਮੇਰੇ ਬਾਰੇ ਪਹਿਲਾਂ ਹੀ ਕੋਈ ਰਾਇ ਬਣਾ ਕੇ ਆਏ ਸਨ।’ ਦੋਵਾਂ ਵਿਚਾਲੇ ਸਰਪਲੱਸ ਆਰਬੀਆਈ ’ਤੇ ਵਖ਼ਰੇਵੇਂ ਪੈਦਾ ਹੋ ਗਏ ਸਨ ਜੋ ਕਿ ਸਰਕਾਰ ਤੇ ਗ਼ੈਰ-ਬੈਂਕਿੰਗ ਸੰਸਥਾਵਾਂ ਨੂੰ ਦਿੱਤਾ ਜਾਣਾ ਸੀ।