ਦਿਓਰੀਆ (ਯੂਪੀ) (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਲਵ ਜਹਾਦ’ ਨਾਲ ਸਖ਼ਤੀ ਨਾਲ ਨਜਿੱਠੇਗੀ। ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੋਕਾਂ ਨੇ ਆਪਣੀ ਪਛਾਣ ਛੁਪਾ ਕੇ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਬੰਦ ਨਾ ਕੀਤਾ ਤਾਂ ਉਨ੍ਹਾਂ ਦੀ ‘ਰਾਮ ਨਾਥ ਸੱਤਿਆ ਯਾਤਰਾ’ ਸ਼ੁਰੂ ਕਰ ਦਿੱਤੀ ਜਾਵੇਗੀ।
ਬੀਤੇ ਦਿਨ ਅਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕਿ ਸਿਰਫ਼ ਵਿਆਹ ਦੇ ਉਦੇਸ਼ ਲਈ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ ਤੇ ਇਸ ਨੂੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ। ਦੇਵਰੀਆ ਅਤੇ ਜੌਨਪੁਰ ਜ਼ਿਲ੍ਹੇ ਦੀ ਮਲਹਨੀ ਵਿਧਾਨ ਸਭਾ ਖੇਤਰ ਦੀ ਉਪ ਚੋਣ ਵਿੱਚ ਭਾਜਪਾ ਦੇ ਉਮੀਦਵਾਰਾਂ ਦੇ ਪੱਖ ਵਿੱਚ ਕਰਵਾਈਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਮਾਂ-ਭੈਣਾਂ ਦੀ ਇੱਜ਼ਤ ਦੀ ਸੁਰੱਖਿਆ ਕਰਨ ਲਈ ਦ੍ਰਿੜ ਹੈ। ਇਸ ਲਈ ‘ਮਿਸ਼ਨ ਸ਼ਕਤੀ’ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ ਅੱਗੇ ਚੱਲ ਕੇ ਜਲਦੀ ਹੀ ‘ਅਪਰੇਸ਼ਨ ਸ਼ਕਤੀ’ ਵਿੱਚ ਬਦਲ ਜਾਵੇਗਾ। ‘ਲਵ ਜਹਾਦ ਵਿੱਚ ਸ਼ਾਮਲ ਲੋਕਾਂ ਦੇ ਪੋਸਟਰ ਚੌਕਾਂ ਵਿੱਚ ਲਾਏ ਜਾਣਗੇ।