ਇਸਲਾਮਾਬਾਦ (ਸਮਾਜ ਵੀਕਲੀ) :ਪਾਕਿਸਤਾਨ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਇੱਕ ਮੀਟਿੰਗ ’ਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਜੇਕਰ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਨਾ ਛੱਡਿਆ ਗਿਆ ਤਾਂ ਭਾਰਤ ਰਾਤ ਨੌਂ ਵਜੇ ਪਾਕਿਸਤਾਨ ’ਤੇ ਹਮਲਾ ਕਰ ਦੇਵੇਗਾ। ਵਿਰੋਧੀ ਧਿਰ ਦੇ ਆਗੂ ਅਨੁਸਾਰ ਕੁਰੈਸ਼ੀ ਜਦੋਂ ਇਹ ਕਹਿ ਰਹੇ ਸੀ ਤਾਂ ਪਾਕਿਸਤਾਨੀ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਪਸੀਨੇ ਛੁੱਟ ਰਹੇ ਸੀ ਤੇ ਉਨ੍ਹਾਂ ਦੀਆਂ ਲੱਤਾਂ ਕੰਬ ਰਹੀਆਂ ਸਨ।
ਭਾਰਤ ਵੱਲੋਂ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ’ਚ ਅਤਿਵਾਦੀ ਟਿਕਾਣਿਆਂ ’ਤੇ ਬੰਬ ਸੁੱਟਣ ਤੋਂ ਬਾਅਦ ਇਸਲਾਮਾਬਾਦ ’ਚ ਪੈਦਾ ਹੋਏ ਤਣਾਅ ਨੂੰ ਯਾਦ ਕਰਦਿਆਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਨੇਤਾ ਸਰਦਾਰ ਅਯਾਜ਼ ਸਾਦਿਕ ਨੇ ਇਮਰਾਨ ਖਾਨ ਸਰਕਾਰ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਸਾਦਿਕ ਨੇ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ ਦੀ ਕਸ਼ਮੀਰ ਤੇ ਵਰਧਮਾਨ ਸਮੇਤ ਹਰ ਮੁੱਦੇ ’ਤੇ ਹਮਾਇਤ ਕੀਤੀ ਪਰ ਹੁਣ ਉਹ ਸਰਕਾਰ ਦੀ ਹਮਾਇਤ ਨਹੀਂ ਕਰਨਗੇ। ਸਾਦਿਕ ਪੀਐੱਮਐੱਲ-ਐੱਨ ਸਰਕਾਰ ਸਮੇਂ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਸਨ।
ਸਾਦਿਕ ਨੇ ਬੀਤੇ ਦਿਨ ਸੰਸਦ ’ਚ ਬਿਆਨ ਦਿੱਤਾ ਸੀ ਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਇੱਕ ਮਹੱਤਵਪੂਰਨ ਮੀਟਿੰਗ ’ਚ ਕਿਹਾ ਸੀ ਕਿ ਜੇਕਰ ਵਰਤਮਾਨ ਨੂੰ ਨਹੀਂ ਛੱਡਿਆ ਜਾਂਦਾ ਤਾਂ ਭਾਰਤ ‘ਉਸ ਰਾਤ ਨੌਂ ਵਜੇ’ ਪਾਕਿਸਤਾਨ ’ਤੇ ਹਮਲਾ ਕਰ ਦਿੰਦਾ। ਸਾਦਿਕ ਅਨੁਸਾਰ ਕੁਰੈਸ਼ੀ ਨੇ ਕਿਹਾ ਸੀ ਕਿ ‘ਅੱਲ੍ਹਾ ਵਾਸਤੇ ਸਾਨੂੰ ਉਸ ਨੂੰ ਛੱਡ ਦੇਣਾ ਚਾਹੀਦਾ ਹੈ।’ ਖ਼ਬਰ ਅਨੁਸਾਰ ਸਾਦਿਕ ਨੇ ਕਿਹਾ ਕਿ ਜਿਸ ਮੀਟਿੰਗ ’ਚ ਵਿਦੇਸ਼ ਮੰਤਰੀ ਨੇ ਇਹ ਕਿਹਾ ਉਸ ’ਚ ਪਾਕਿਸਤਾਨ ਪੀਪਲਜ਼ ਪਾਰਟੀ ਤੇ ਪੀਐੱਮਐੱਲ-ਐੱਨ ਦੇ ਸੰਸਦੀ ਨੇਤਾ ਸਮੇਤ ਜਨਰਲ ਬਾਜਵਾ ਵੀ ਸ਼ਾਮਲ ਸਨ ਤੇ ਸੈਨਾ ਮੁਖੀ ਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਉਨ੍ਹਾਂ ਦੇ ਪਸੀਨੇ ਛੁੱਟ ਰਹੇ ਸੀ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਨੇ ਇਹ ਨਹੀਂ ਦੱਸਿਆ ਕਿ ਇਹ ਮੀਟਿੰਗ ਕਦੋਂ ਹੋਈ ਸੀ।