ਪੋਲੈਂਡ: ਗਰਭਪਾਤ ਬਾਰੇ ਫ਼ੈਸਲੇ ਖ਼ਿਲਾਫ਼ ਲੋਕ ਸੜਕਾਂ ’ਤੇ ਉੱਤਰੇ

ਵਾਰਸਾ (ਸਮਾਜ ਵੀਕਲੀ) : ਪੋਲੈਂਡ ਦੀ ਸਿਖ਼ਰਲੀ ਅਦਾਲਤ ਵੱਲੋਂ ਜਮਾਂਦਰੂ ਤੌਰ ’ਤੇ ਹੀ ਕਿਸੇ ਵਿਗਾੜ ਦਾ ਸ਼ਿਕਾਰ ਭਰੂਣ ਦੇ ਗਰਭਪਾਤ ਉਤੇ ਰੋਕ ਲਾਏ ਜਾਣ ਤੋਂ ਬਾਅਦ ਮੁਲਕ ਦੇ ਲੋਕ ਸੜਕਾਂ ’ਤੇ ਆ ਗਏ ਹਨ। ਅੱਜ ਲੋਕਾਂ ਨੇ ਨੌਕਰੀਆਂ ’ਤੇ ਜਾਣ ਦੀ ਬਜਾਏ ਦੇਸ਼ ਵਿਆਪੀ ਹੜਤਾਲ ਵਿਚ ਹਿੱਸਾ ਲਿਆ ਤੇ ਫ਼ੈਸਲੇ ਦਾ ਡੱਟ ਕੇ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਪੋਲੈਂਡ ਦੀ ਬੇਹੱਦ ਰੂੜ੍ਹੀਵਾਦੀ ਸਰਕਾਰ ਤੇ ਲੋਕਾਂ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ।

ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਵੀਰਵਾਰ ਦੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਰੋਜ਼ ਇਸ ਯੂਰੋਪੀ ਮੁਲਕ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਮੁਲਕ ਦੀ ਫੁੱਟ ਵੀ ਉੱਭਰ ਕੇ ਸਾਹਮਣੇ ਆਈ ਹੈ। ਦੇਸ਼ ਲੰਮੇ ਸਮੇਂ ਤੋਂ ਕੱਟੜ ਕੈਥੋਲਿਕ ਵਿਚਾਰਧਾਰਾ ਦਾ ਧੁਰਾ ਬਣਿਆ ਰਿਹਾ ਹੈ ਜਦਕਿ ਹੁਣ ਸਮਾਜਿਕ ਸੁਧਾਰਾਂ ਦੇ ਹੱਕ ਵਿਚ ਲਹਿਰ ਚੱਲੀ ਹੈ। ਅਦਾਲਤੀ ਫ਼ੈਸਲੇ ਵਿਚ ਔਰਤਾਂ ਨੂੰ ਉਨ੍ਹਾਂ ਕੇਸਾਂ ਵਿਚ ਵੀ ਗਰਭਪਾਤ ਦੀ ਕਾਨੂੰਨੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਜਿੱਥੇ ਬੱਚੇ ਦਾ ਜਨਮ ਤੋਂ ਬਾਅਦ ਮਰਨਾ ਤੈਅ ਹੈ।

Previous articleਸ੍ਰੀਲੰਕਾ ਬਾਰੇ ਅਮਰੀਕਾ ਦਾ ਨਜ਼ਰੀਆ ਚੀਨ ਨਾਲੋਂ ਕਾਫੀ ਵੱਖ: ਪੌਂਪੀਓ
Next articleਆਪਣਾ ਹੀ ‘ਪੰਥ’ ਚਲਾਉਣ ਵਾਲੇ ਅਮਰੀਕੀ ਗੁਰੂ ਨੂੰ 120 ਸਾਲ ਕੈਦ