ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ, (ਸਮਾਜ ਵੀਕਲੀ) : ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਪੈਂਦੇ ਖੇਤਰਾਂ ਦੀਆਂ ਗਤੀਵਿਧੀਆਂ ਜਿਵੇਂ 50 ਫ਼ੀਸਦ ਸਮਰੱਥਾ ਨਾਲ ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ ਆਦਿ ਖੋਲ੍ਹਣ ਦੀ ਆਗਿਆ ਦਿੰਦੇ ਮੌਜੂਦਾ ਦਿਸ਼ਾ-ਨਿਰਦੇਸ਼ 30 ਨਵੰਬਰ ਤੱਕ ਜਾਰੀ ਰਹਿਣਗੇ। ਪਹਿਲਾਂ 30 ਸਤੰਬਰ ਨੂੰ ਜਾਰੀ ਕੀਤੇ ਇਹ ਨਿਰਦੇਸ਼ 31 ਅਕਤੂਬਰ ਤੱਕ ਲਾਗੂ ਕੀਤੇ ਗਏ ਸਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਅੱਜ ਇਹ ਸਮਾਂ ਸੀਮਾ 30 ਨਵੰਬਰ ਤੱਕ ਵਧਾਊਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਵਲੋਂ ਪ੍ਰਵਾਨਿਤ ਊਡਾਣਾਂ ਨੂੰ ਛੱਡ ਕੇ ਬਾਕੀ ਸਾਰੀਆਂ ਕੌਮਾਂਤਰੀ ਊਡਾਣਾਂ ਬੰਦ ਰਹਿਣਗੀਆਂ। ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਦੀਆਂ ਸਰਕਾਰਾਂ ਨੂੰ ਸਕੂਲ ਅਤੇ ਕੋਚਿੰਗ ਅਦਾਰੇ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਬਾਰੇ ਫ਼ੈਸਲਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਨਿਰਦੇਸ਼ਾਂ ਅਨੁਸਾਰ ਇਸ ਸਬੰਧੀ ਫ਼ੈਸਲਾ ਸਥਿਤੀ ਦੇ ਨਿਰੀਖਣ ਅਤੇ ਕੁਝ ਸ਼ਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਸਕੂਲ ਅਤੇ ਸੰਸਥਾ ਦੀ ਮੈਨੇਜਮੈਂਟ ਨਾਲ ਸਹਿਮਤੀ ਰਾਹੀਂ ਲਿਆ ਜਾਵੇ।

ਕੰਟੇਨਮੈਂਟ ਜ਼ੋਨਾਂ ਦੇ ਬਾਹਰ ਪੈਂਦੇ ਖੇਤਰਾਂ ਵਿੱਚ 50 ਫ਼ੀਸਦ ਬੈਠਣ ਦੀ ਸਮਰੱਥਾ ਨਾਲ ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ ਖੋਲ੍ਹਣ, ਬੀ2ਬੀ ਪ੍ਰਦਰਸ਼ਨੀਆਂ ਲਾਊਣ, ਖਿਡਾਰੀਆਂ ਦੀ ਸਿਖਲਾਈ ਲਈ ਸਵਿਮਿੰਗ ਪੂਲਾਂ ਦੀ ਵਰਤੋਂ, ਮਨੋਰੰਜਨ ਪਾਰਕਾਂ ਅਤੇ ਅਜਿਹੀਆਂ ਹੋਰ ਥਾਵਾਂ ਵਿੱਚ ਗਤੀਵਿਧੀਆਂ ਕਰਨਾ ਸ਼ਾਮਲ ਹਨ। ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਲੋਂ ਗਤੀਵਿਧੀਆਂ ਮੁੜ ਚਾਲੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਬਿਹਾਰ ਵਿਧਾਨ ਸਭਾ ਚੋਣਾਂ ਅਤੇ ਹੋਰ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਇਕੱਠਾਂ ਵਿੱਚ ਵੱਧ ਤੋਂ ਵੱਧ 200 ਲੋਕਾਂ ਦੀ ਸ਼ਮੂੁਲੀਅਤ ਦੀ ਆਗਿਆ ਦਿੱਤੀ ਗਈ ਹੈ। ਸਿਆਸੀ ਇਕੱਠ ਕੇਵਲ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਕੀਤੇ ਜਾ ਸਕਣਗੇ। ਇਸ ਸਮੇਂ ਦੌਰਾਨ ਕੰਟੇਨਮੈਂਟ ਜ਼ੋਨਾਂ ਵਿੱਚ ਸਖ਼ਤੀ ਨਾਲ ਤਾਲਾਬੰਦੀ ਜਾਰੀ ਰਹੇਗੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 25 ਮਾਰਚ ਨੂੰ ਦੇਸ਼-ਵਿਆਪੀ ਤਾਲਾਬੰਦੀ ਐਲਾਨੀ ਗਈ ਸੀ, ਜਿਸ ਨੂੰ ਪੜਾਅਵਾਰ 31 ਮਈ ਤੱਕ ਵਧਾਇਆ ਗਿਆ ਸੀ। ਦੇਸ਼ ਵਿੱਚ ਅਨਲੌਕ ਦੀ ਪ੍ਰਕਿਰਿਆ ਪਹਿਲੀ ਜੂਨ ਤੋਂ ਸ਼ੁਰੂ ਹੋਈ ਸੀ ਅਤੇ ਪੜਾਅਵਾਰ ਵਪਾਰਕ, ਸਮਾਜਿਕ, ਧਾਰਮਿਕ ਅਤੇ ਹੋਰ ਗਤੀਵਿਧੀਆਂ ਨੂੰ ਖੋਲ੍ਹਿਆ ਜਾ ਰਿਹਾ ਹੈ।

Previous articleਬਿਹਾਰ ਚੋਣਾਂ: ਪਹਿਲੇ ਗੇੜ ਲਈ ਵੋਟਾਂ ਅੱਜ
Next articleਮੁਲਤਾਨੀ ਕੇਸ: ਸੈਣੀ ਦੀ ਜ਼ਮਾਨਤ ਰੱਦ ਕਰਨ ਬਾਰੇ ਸੁਣਵਾਈ ਟਲੀ