ਅਧਿਆਪਕਾਂ ਦੇ ਸਤਿਕਾਰ ’ਚ ਭਾਰਤੀ ਛੇਵੇਂ ਨੰਬਰ ’ਤੇ

ਲੰਡਨ (ਸਮਾਜ ਵੀਕਲੀ) : ਭਾਰਤ ਆਪਣੇ ਅਧਿਆਪਕਾਂ ਦੇ ਮਾਣ-ਸਨਮਾਨ ਦੇ ਮਾਮਲੇ ਵਿਚ ਦੁਨੀਆ ਦੇ ਸਿਖ਼ਰਲੇ ਦਸ ਮੁਲਕਾਂ ਵਿਚ ਸ਼ੁਮਾਰ ਹੈ। 35 ਮੁਲਕਾਂ ਦਾ ਇਕ ਸਰਵੇਖਣ ਕਰਵਾਇਆ ਗਿਆ ਹੈ ਤੇ ਭਾਰਤ ਦਾ ਇਸ ਵਿਚ ਛੇਵਾਂ ਨੰਬਰ ਹੈ। ਯੂਕੇ ਅਧਾਰਿਤ ਵਾਰਕੀ ਫਾਊਂਡੇਸ਼ਨ ਵੱਲੋਂ ਕਰਵਾਏ ਸਰਵੇਖਣ ‘ਰੀਡਿੰਗ ਬਿਟਵੀਨ ਦੀ ਲਾਈਨਜ਼…’ ਮੁਤਾਬਕ ਜੇ ਲੋਕਾਂ ਦੇ ਉਨ੍ਹਾਂ ਦੇ ਮੁਲਕ ਵਿਚਲੇ ਅਧਿਆਪਕਾਂ ਪ੍ਰਤੀ ਵਿਚਾਰਾਂ ਦੀ ਗੱਲ ਕਰੀਏ ਤਾਂ ਭਾਰਤ ਵਿਚ ਸਿੱਖਿਆ ਕਰਮੀਆਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ।

ਅਧਿਆਪਕਾਂ ਦੇ ਦਰਜੇ ਬਾਰੇ ਕਰਵਾਏ ਇਸ ਸਰਵੇਖਣ ਵਿਚ ਚੀਨ, ਘਾਨਾ, ਸਿੰਗਾਪੁਰ, ਕੈਨੇਡਾ ਤੇ ਮਲੇਸ਼ੀਆ ਭਾਰਤ ਤੋਂ ਅੱਗੇ ਹਨ। ਇਸ ਸਰਵੇਖਣ ਦੌਰਾਨ ਲੋਕਾਂ ਤੋਂ ਅਚਾਨਕ ਸਵਾਲ ਪੁੱਛੇ ਗਏ ਹਨ ਤੇ ਉਨ੍ਹਾਂ ਉਸੇ ਵੇਲੇ ਸੁਭਾਵਿਕ ਜਵਾਬ ਦਿੱਤਾ ਹੈ। ਸਰਵੇਖਣ ਵਿਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਅਧਿਆਪਕਾਂ ’ਤੇ ਭਰੋਸਾ ਕਰਦੇ ਹਨ, ਉਹ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ, ਖ਼ਿਆਲ ਰੱਖਦੇ ਹਨ ਜਾਂ ਫਿਰ ਉਹ ਬੌਧਿਕ ਤੌਰ ’ਤੇ ਉਨ੍ਹਾਂ ਨੂੰ ਹੰਢੇ ਹੋਏ ਲੱਗਦੇ ਹਨ ਜਾਂ ਨਹੀਂ।

ਇਸ ਤਰ੍ਹਾਂ ਦੇ ਕਈ ਹੋਰ ਸਵਾਲ ਵੀ ਪੁੱਛੇ ਗਏ ਹਨ। ਵਾਰਕੀ ਫਾਊਂਡੇਸ਼ਨ ਤੇ ‘ਗਲੋਬਲ ਟੀਚਰ ਪ੍ਰਾਈਜ਼’ ਦੇ ਸੰਸਥਾਪਕ ਸੰਨੀ ਵਾਰਕੀ ਨੇ ਕਿਹਾ ਕਿ ‘ਇਹ ਰਿਪੋਰਟ ਸਿਰਫ਼ ਇਹ ਸਾਬਿਤ ਨਹੀਂ ਕਰਦੀ ਕਿ ਅਧਿਆਪਕਾਂ ਦਾ ਆਦਰ ਸਾਡਾ ਨੈਤਿਕ ਫ਼ਰਜ਼ ਹੈ ਬਲਕਿ ਕਿਸੇ ਵੀ ਮੁਲਕ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਇਹ ਬੇਹੱਦ ਜ਼ਰੂਰੀ ਹੈ।’ ਸੰਨੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਇਸ ਗੱਲ ਦਾ ਪਤਾ ਲੱਗਾ ਹੈ ਕਿ ਚੰਗੇ ਅਧਿਆਪਕਾਂ ਦੀ ਸਾਨੂੰ ਕਿੰਨੀ ਲੋੜ ਹੈ।

Previous articleਤਿੰਨ ਪੰਜਾਬੀ ਬਣ ਸਕਦੇ ਨੇ ਬੀਸੀ ਦੇ ਮੰਤਰੀ
Next articleਪਾਕਿਸਤਾਨ ਦੇ ਮੌਜੂਦਾ ਹਾਲਾਤ ਲਈ ਫ਼ੌਜ ਅਤੇ ਆਈਐੱਸਆਈ ਮੁਖੀ ਜ਼ਿੰਮੇਵਾਰ: ਸ਼ਰੀਫ਼