ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤ ਦੇ ਹਵਾ ਪ੍ਰਦੂਸ਼ਣ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਿੱਪਣੀ ਦੀ ਆਲੋਚਨਾ ਕਰਦਿਆਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਦੀ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਦੀ ਬਹੁਤ ਇੱਜ਼ਤ ਕਰਦੇ ਹਨ। ਬਾਇਡੇਨ ਨੇ ਇੱਕ ਟਵੀਟ ’ਚ ਕਿਹਾ, ‘ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ‘ਗੰਦਾ’ ਦੇਸ਼ ਦੱਸਿਆ ਹੈ।
ਆਪਣੇ ਦੋਸਤਾਂ ਬਾਰੇ ਇਸ ਤਰ੍ਹਾਂ ਗੱਲ ਨਹੀਂ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਵਾਤਾਵਰਨ ਤਬਦੀਲੀ ਵਰਗੀਆਂ ਆਲਮੀ ਚੁਣੌਤੀਆਂ ਦਾ ਸਾਹਮਣਾ ਵੀ ਨਹੀਂ ਕੀਤਾ ਜਾਂਦਾ।’ ਟਰੰਪ ਨੇ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਚੋਣਾਂ ਦੀ ਬਹਿਸ ਦੌਰਾਨ ਚੀਨ, ਭਾਰਤ ਤੇ ਰੂਸ ਬਾਰੇ ਕਿਹਾ ਸੀ ਕਿ ਇਹ ਦੇਸ਼ ਆਪਣੀਆਂ ‘ਗੰਦੀਆਂ’ ਹਵਾਵਾਂ ਵੱਲ ਧਿਆਨ ਨਹੀਂ ਦੇ ਰਹੇ ਹਨ। ‘ਇੰਡੀਆ ਵੈਸਟ’ ਹਫਤਾਵਾਰੀ ਦੇ ਤਾਜ਼ਾ ਅੰਕ ’ਚ ਪ੍ਰਕਾਸ਼ਿਤ ਆਪਣਾ ਲੇਖ ਮੁੜ ਟਵੀਟ ਕਰਦਿਆਂ ਬਾਇਡਨ ਨੇ ਕਿਹਾ, ‘ਕਮਲਾ ਹੈਰਿਸ ਤੇ ਮੈਂ ਭਾਰਤ ਨਾਲ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦੇ ਹਾਂ ਅਤੇ ਅਸੀਂ ਸਾਡੀ ਵਿਦੇਸ਼ੀ ਨੀਤੀ ’ਚ ਇਸ ਸਨਮਾਨ ਨੂੰ ਮੁੜ ਤੋਂ ਕੇਂਦਰ ’ਚ ਰੱਖਾਂਗੇ।’
ਉਨ੍ਹਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਅਮਰੀਕਾ ਤੇ ਭਾਰਤ ਅਤਿਵਾਦ ਖ਼ਿਲਾਫ਼ ਅਤੇ ਅਮਨ ਤੇ ਸ਼ਾਂਤੀ ਨੂੰ ਉਤਸ਼ਾਹ ਦੇਣ ਲਈ ਇਕੱਠਿਆ ਕੰਮ ਕਰਨਗੇ। ਇਸੇ ਦੌਰਾਨ ਪੈਨਸਿਲਵੇਨੀਆ ’ਚ ਚੋਣ ਰੈਲੀ ਦੌਰਾਨ ਬਾਇਡਨ ਨੇ ਦੋਸ਼ ਲਾਇਆ ਕਿ ਚੀਨ ਨਾਲ ਕਾਰੋਬਾਰ ਦੇ ਮਾਮਲੇ ’ਚ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਹੀ ਕਮਜ਼ੋਰ ਸਾਬਿਤ ਹੋਏ ਹਨ ਤੇ ਪੇਈਚਿੰਗ ਨੂੰ ਸਜ਼ਾ ਦੇਣ ਲਈ ਉਸ ’ਤੇ ਪ੍ਰਭਾਵਸ਼ਾਲੀ ਕੌਮਾਂਤਰੀ ਦਬਾਅ ਨਹੀਂ ਬਣਾ ਸਕੇ।