ਇਸਲਾਮਾਬਾਦ (ਸਮਾਜ ਵੀਕਲੀ):
ਪਾਕਿਸਤਾਨ ਨੇ ਬਰਤਾਨੀਆ ਤੋਂ ਤੀਜੀ ਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਾਪਸ ਭੇਜਣ ਦੀ ਅਪੀਲ ਕੀਤੀ ਹੈ। ਸ਼ਰੀਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜੇਲ੍ਹ ’ਚ ਬੰਦ ਸਨ ਤੇ ਇਲਾਜ ਕਰਵਾਉਣ ਲਈ ਬਰਤਾਨੀਆ ਗਏ ਹੋਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੀ ਹਵਾਲਗੀ ਦੀ ਅਪੀਲ ਨਾਲ ਸਬੰਧਤ ਇੱਕ ਪੱਤਰ ਕਰੀਬ ਤਿੰਨ ਹਫ਼ਤੇ ਪਹਿਲਾਂ ਇੱਥੇ ਬਰਤਾਨੀਆ ਦੇ ਹਾਈ ਕਮਿਸ਼ਨਰ ਨੂੰ ਸੌਂਪਿਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਉਸ ਪੱਤਰ ਰਾਹੀਂ ਬਰਤਾਨੀਆ ਦੇ ਅਧਿਕਾਰੀਆਂ ਤੋਂ ਸ਼ਰੀਫ਼ ਦਾ ਯਾਤਰਾ ਵੀਜ਼ਾ ਰੱਦ ਕਰਨ ਸਬੰਧੀ ਵਿਚਾਰ ਕਰਨ ਦੀ ਅਪੀਲ ਕੀਤੀ ਸੀ।
ਪੱਤਰ ’ਚ ਕਿਹਾ ਗਿਆ ਹੈ ਕਿ ਬਰਤਾਨੀਆ ਦੇ 1974 ਦੇ ਇਮੀਗਰੇਸ਼ਨ ਕਾਨੂੰਨਾਂ ਅਨੁਸਾਰ ਚਾਰ ਤੋਂ ਵੱਧ ਸਾਲ ਸਮੇਂ ਲਈ ਸਜ਼ਾਯਾਫ਼ਤਾ ਵਿਅਕਤੀ ਨੂੰ ਉਸ ਦੇ ਪਿੱਤਰੀ ਮੁਲਕ ਭੇਜਣ ਦੀ ਤਜਵੀਜ਼ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਵੱਲੋਂ ਬਰਤਾਨੀਆ ਦੇ ਅਧਿਕਾਰੀਆਂ ਨੂੰ ਤਿੰਨ ਵਾਰ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਹਵਾਲੇ ਕਰਨ ਦੀ ਅਪੀਲ ਕਰ ਚੁੱਕੀ ਹੈ।