ਅਕਾਲੀ ਸਰਕਾਰ ਬਣਨ ’ਤੇ ਪੰਜਾਬ ਨੂੰ ਸਰਕਾਰੀ ਮੰਡੀ ਘੋਸ਼ਿਤ ਕਰਾਂਗੇ: ਸੁਖਬੀਰ

ਚੰਡੀਗੜ੍ਹ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਉਹ ਪਹਿਲੇ ਦਿਨ ਹੀ ਪੰਜਾਬ ਨੂੰ ਪ੍ਰਮੁੱਖ ਸਰਕਾਰੀ ਮੰਡੀ ਐਲਾਨ ਦੇਣਗੇ ਅਤੇ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਪੰਜਾਬ ਵਿਚ ਬੇਅਸਰ ਕਰ ਦੇਣਗੇ। ਇਸੇ ਤਰ੍ਹਾਂ ਕੈਪਟਨ ਸਰਕਾਰ ਦਾ ਸਾਲ 2017 ਵਾਲਾ ਏਪੀਐੱਮਪੀ ਐਕਟ ਵੀ ਰੱਦ ਕਰ ਦਿੱਤਾ ਜਾਵੇਗਾ। ਊਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਇਕਸੁਰ ਹੈ, ਜਿਸ ਤਹਿਤ ਖੇਤੀ ਸੋਧ ਬਿੱਲਾਂ ਵਿੱਚ ਸ਼ੈਤਾਨੀ ਦਿਖਾਈ ਗਈ ਹੈ। ਅਮਰਿੰਦਰ ਵੱਲੋਂ ਕੇਂਦਰੀ ਸਾਜ਼ਿਸ਼ ਤਹਿਤ ਕਿਸਾਨ ਅੰਦੋਲਨ ਨੂੰ ਖੁੰਢਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਾਣੀਆਂ ਦੇ ਸਮਝੌਤੇ ਵੇਲੇ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਹੁਣ ਦੂਜੀ ਵਾਰ ਇਹ ਧੋਖਾ ਕੀਤਾ ਹੈ, ਜੋ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਅਤੇ ਕਿਸਾਨੀ ਨਾਲ ਪਿਆਰ ਹੈ, ਜਿਸ ਕਰਕੇ ਉਨ੍ਹਾਂ ਨੇ ਭਾਜਪਾ ਨਾਲ 30 ਸਾਲ ਪੁਰਾਣਾ ਰਿਸ਼ਤਾ ਤੋੜਿਆ ਹੈ ਕਿਉਂਕਿ ਕੇਂਦਰ ਨੇ ਕਿਸਾਨੀ ਦੇ ਸ਼ੰਕੇ ਦੂਰ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਖੇਤੀ ਸੋਧ ਬਿੱਲਾਂ ਬਾਰੇ ਪੂਰਾ ਓਹਲਾ ਰੱਖਿਆ ਅਤੇ ਅਖੀਰ ਤੱਕ ਭਿਣਕ ਨਹੀਂ ਪੈਣ ਦਿੱਤੀ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਸੋਚਦਾ ਸੀ ਕਿ ਕੈਪਟਨ ਕੁੱਝ ਅਜਿਹਾ ਕਰੇਗਾ, ਜਿਸ ਨਾਲ ਕਿਸਾਨੀ ਦੇ ਸਿਰੋਂ ਲਟਕਦੀ ਤਲਵਾਰ ਹਟੇਗੀ ਪ੍ਰੰਤੂ ਪੰਜਾਬ ਸਰਕਾਰ ਨੇ ਉਸ ਕੇਂਦਰ ਕੋਲ ਹੀ ਖੇਤੀ ਸੋਧ ਬਿੱਲ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ਨੇ ਪਹਿਲਾਂ ਹੀ ਕਿਸਾਨੀ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮੰਗ ਕੀਤੀ ਕਿ ਪੰਜਾਬ ਵਿਚ ਸਰਕਾਰੀ ਮੰਡੀ ਐਲਾਨ ਦਿੱਤੀ ਜਾਵੇ, ਜਿਸ ਨਾਲ ਕੇਂਦਰ ਦੀ ਪ੍ਰਵਾਨਗੀ ਦੀ ਕੋਈ ਲੋੜ ਨਹੀਂ ਰਹਿਣੀ ਸੀ। ਉਨ੍ਹਾਂ ਕਿਹਾ ਕਿ ਲੋੜ ਤਾਂ ਐੱਮਐੱਸਪੀ ਨੂੰ ਕਾਨੂੰਨੀ ਰੂਪ ਦੇਣ ਦੀ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਕੇਂਦਰੀ ਕਾਨੂੰਨਾਂ ਵਿਚ ਹੀ ਸੋਧ ਕਰ ਦਿੱਤੀ, ਜਿਸ ਦਾ ਹਕੀਕਤ ਵਿਚ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ।

ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਰਾਜਸੀ ਹਾਲਾਤ ’ਚ ਸੰਘਵਾਦ ਅਤੇ ਸੂਬਿਆਂ ਨੂੰ ਖ਼ੁਦਮੁਖਤਿਆਰੀ ਦੇ ਮੁੱਦੇ ’ਤੇ ਸਿਆਸੀ ਮੋਰਚਾ ਵਿੱਢੇਗਾ। ਅਕਾਲੀ ਦਲ ਨੇ ਹਾਕਮ ਧਿਰ ਨੂੰ ਸਿਆਸੀ ਮੁਹਾਜ਼ ’ਤੇ ਟੱਕਰ ਦੇਣ ਲਈ ਰਣਨੀਤੀ ਘੜਣੀ ਸ਼ੁਰੂ ਕੀਤੀ ਹੈ ਤਾਂ ਜੋ ਖੇਤੀ ਸੋਧ ਬਿੱਲਾਂ ਦੇ ਪਾਸ ਹੋਣ ਮਗਰੋਂ ਬਣੇ ਮਾਹੌਲ ਵਿਚ ਅਕਾਲੀ ਦਲ ਆਪਣੇ ਮੁੜ ਪੈਰ ਜਮਾ ਸਕੇ। ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਪਾਸ ਹੋਏ ਖੇਤੀ ਸੋਧ ਬਿੱਲਾਂ ’ਤੇ ਚਰਚਾ ਹੋਈ।

ਅਕਾਲੀ ਦਲ ’ਤੇ ਵਾਰ ਵਾਰ ਯੂ-ਟਰਨ ਦੇ ਲੱਗ ਰਹੇ ਦੋਸ਼ਾਂ ਨੂੰ ਟੱਕਰ ਦੇਣ ਲਈ ਮਸ਼ਵਰੇ ਲਏ ਗਏ। ਲੰਮੀ ਚਰਚਾ ਮਗਰੋਂ ਇਹ ਮੱਤ ਉਭਰਿਆ ਕਿ ਪੰਜਾਬ ਦੇ ਮੂਲ ਮੁੱਦਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਮੁੜ ਪਹਿਰੇਦਾਰੀ ਸ਼ੁਰੂ ਕਰੇ। ਕੋਰ ਕਮੇਟੀ ਦੇ ਮੈਂਬਰਾਂ ਨੇ ਸੁਝਾਅ ਦਿੱਤੇ ਕਿ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਧ ਅਧਿਕਾਰਾਂ ਦੀ ਲੜਾਈ ਨੂੰ ਜ਼ੋਰਦਾਰ ਤਰੀਕੇ ਨਾਲ ਲੜੇ। ਹੋਰ ਖੇਤਰੀ ਪਾਰਟੀਆਂ ਨਾਲ ਸਿਰ ਜੋੜਨ ਦੀ ਗੱਲ ਵੀ ਕਹੀ ਗਈ। ਦੇਸ਼ ’ਚ ਘੱਟ ਗਿਣਤੀਆਂ ਖ਼ਿਲਾਫ਼ ਹੋ ਰਹੀ ਜ਼ਿਆਦਤੀ ’ਤੇ ਵੀ ਅਕਾਲੀ ਦਲ ਨੂੰ ਬੋਲਣ ਲਈ ਮਸ਼ਵਰੇ ਦਿੱਤੇ ਗਏ। ਦਲਿਤ ਮਸਲਿਆਂ ’ਤੇ ਪਾਰਟੀ ਵਲੋਂ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਸ਼ੁਰੂ ਕਰਨ ਦੀ ਵਿਉਂਤ ਵੀ ਬਣੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦਾ ਸੌ ਸਾਲਾਂ ਵੀ ਮਨਾਇਆ ਜਾਣਾ ਹੈ, ਜਿਸ ਦੇ ਮੁੱਖ ਸਮਾਗਮਾਂ ਲਈ ਥਾਂ ਬਾਰੇ ਫ਼ੈਸਲਾ ਲੈਣ ਲਈ ਭਲਕੇ ਮੁੜ ਕੋਰ ਕਮੇਟੀ ਦੀ ਮੀਟਿੰਗ ਜੁੜੇਗੀ।

ਭਾਜਪਾ ਆਗੂ ਕੀਮਤੀ ਭਗਤ ਅਕਾਲੀ ਦਲ ’ਚ ਸ਼ਾਮਲ

ਅੱਜ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੀ ਵਰਕਿੰਗ ਕਮੇਟੀ ਦੇ ਮੈਂਬਰ ਕੀਮਤੀ ਭਗਤ ਨੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਜਪਾ ਨੂੰ ਅਲਵਿਦਾ ਆਖ ਦਿੱਤਾ। ਬਾਦਲ ਨੇ ਕੀਮਤੀ ਭਗਤ ਦਾ ਸਵਾਗਤ ਕੀਤਾ ਹੈ।

Previous articleਪਾਕਿ ਸੰਸਦੀ ਕਮੇਟੀ ਵਲੋਂ ਜਾਧਵ ਦੀ ਸਜ਼ਾ ’ਤੇ ਨਜ਼ਰਸਾਨੀ ਬਾਰੇ ਸਰਕਾਰੀ ਬਿੱਲ ਪ੍ਰਵਾਨ
Next articleਮੁਲਤਾਨੀ ਕੇਸ: ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਨ ਬਾਰੇ ਸੁਣਵਾਈ ਟਲੀ