ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਨੇ ਪੂਰਬੀ ਲੱਦਾਖ ਵਿੱਚ ਵਿਵਾਦਿਤ ਸਰਹੱਦ ਦੇ ਡੈਮਚੋਕ ਸੈਕਟਰ ਵਿੱਚੋਂ ਇਕ ਚੀਨੀ ਫੌਜੀ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਫੌਜੀ ‘ਰਾਹ ਭੁੱਲ ਕੇ’ ਅਸਲ ਕੰਟਰੋਲ ਰੇਖਾ ਉਲੰਘਦਿਆਂ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ। ਉਂਜ ਇਹ ਘਟਨਾ ਅਜਿਹੇ ਮੌਕੇ ਵਾਪਰੀ ਹੈ, ਜਦੋਂ ਸਰਹੱਦੀ ਤਣਾਅ ਨੂੰ ਲੈ ਕੇ ਭਾਰਤ ਤੇ ਚੀਨ ਦੀਆਂ ਫੌਜਾਂ ਆਹਮੋ ਸਾਹਮਣੇ ਹਨ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸਥਾਪਿਤ ਮਸੌਦਿਆਂ ਮੁਤਾਬਕ ਰਸਮੀ ਕਾਰਵਾਈਆਂ ਮੁਕੰਮਲ ਕਰਕੇ ਅਗਲੇ ਇਕ ਦੋ ਦਿਨਾਂ ਵਿੱਚ ਚੁਸ਼ੁਲ-ਮੋਲਡੋ ਮੀਟਿੰਗ ਪੁਆਇੰਟ ’ਤੇ ਇਸ ਫੌਜੀ ਨੂੰ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਕਾਬੂ ਕੀਤਾ ਗਿਆ ਫੌਜੀ, ਚੀਨੀ ਫੌਜ ਦਾ ਛੋਟਾ ਅਧਿਕਾਰੀ ਦੱਸਿਆ ਜਾਂਦਾ ਹੈ। ਹਾਲ ਦੀ ਘੜੀ ਉਸ ਤੋਂ ‘ਜਾਸੂਸੀ ਮਿਸ਼ਨ’ ਦੇ ਪੱਖ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ।
ਭਾਰਤੀ ਥਲ ਸੈਨਾ ਨੇ ਇਕ ਬਿਆਨ ਵਿੱਚ ਕਿਹਾ, ‘ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ(ਪੀਐੱਲਏ) ਨਾਲ ਸਬੰਧਤ ਫੌਜੀ ਦੀ ਪਛਾਣ ਨਾਇਕ ਵਾਂਗ ਯਾ ਲੌਂਗ ਵਜੋਂ ਹੋਈ ਹੈ ਤੇ ਊਸ ਨੂੰ 19 ਅਕਤੂਬਰ 2020 ਪੂਰਬੀ ਲੱਦਾਖ ਦੇ ਡੈਮਚੋਕ ਸੈਕਟਰ ’ਚੋਂ ਕਾਬੂ ਕੀਤਾ ਗਿਆ ਹੈ।’ ਚੀਨੀ ਫੌਜੀ ਨੇ ਭਾਰਤੀ ਏਜੰਸੀਆਂ ਨੂੰ ਦੱਸਿਆ ਕਿ ਉਹ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ‘ਯਾਕ’(ਤਿੱਬਤੀ ਪਸੂ) ਨੂੰ ਵਾਪਸ ਲਿਆਉਣ ਲਈ ਵਿਵਾਦਿਤ ਸਰਹੱਦ ’ਚ ਦਾਖ਼ਲ ਹੋ ਗਿਆ ਸੀ।
ਭਾਰਤੀ ਫੌਜ ਨੇ ਕਿਹਾ ਕਿ ਉਨ੍ਹਾਂ ਚੀਨੀ ਫੌਜੀ ਨੂੰ ਆਕਸੀਜਨ ਸਮੇਤ ਹੋਰ ਮੈਡੀਕਲ ਸਹਾਇਤਾ ਦੇ ਨਾਲ ਭੋਜਨ ਅਤੇ ਉੱਚੀਆਂ ਟੀਸੀਆਂ ’ਤੇ ਸਿਰੇ ਦੀ ਠੰਢ ਤੇ ਮੁਸ਼ਕਲ ਮੌਸਮੀ ਹਾਲਾਤ ਤੋਂ ਬਚਣ ਲਈ ਗਰਮ ਕੱਪੜੇ ਮੁਹੱਈਆ ਕਰਵਾਏ ਹਨ। ਭਾਰਤੀ ਥਲ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੀਐੱਲਏ ਤੋਂ ਇਕ ਲਾਪਤਾ ਚੀਨੀ ਫੌਜੀ ਦੇ ਥਹੁ-ਪਤੇ ਬਾਰੇ ਅਪੀਲ ਮਿਲੀ ਹੈ।
ਕਾਬਿਲੇਗੌਰ ਹੈ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਮਈ ਮਹੀਨੇ ਤੋਂ ਤਲਖ਼ੀ ਸਿਖਰ ’ਤੇ ਹੈ। ਇਸ ਕਸ਼ੀਦਗੀ ਨੂੰ ਘਟਾਉਣ ਲਈ ਸੀਨੀਅਰ ਫੌਜੀ ਕਮਾਂਡਰਾਂ ਅਤੇ ਸਫ਼ਾਰਤੀ ਤੇ ਮੰਤਰੀ ਪੱਧਰ ’ਤੇ ਭਾਵੇਂ ਯਤਨ ਜਾਰੀ ਹਨ, ਪਰ ਗੱਲਬਾਤ ਅਜੇ ਤਕ ਕਿਸੇ ਤਣ ਪੱਤਣ ਨਹੀਂ ਲੱਗ ਸਕੀ।