ਸ੍ਰੀਨਗਰ (ਸਮਾਜ ਵੀਕਲੀ) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਦੇ ਫੰਡਾਂ ’ਚ ਕਥਿਤ ਗਬਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਤੋਂ ਪੁੱਛ-ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਦੇ ਮੁਖੀ ਅਬਦੁੱਲਾ ਦਾ ਬਿਆਨ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਦਰਜ ਕੀਤਾ ਜਾਵੇਗਾ। ਈਡੀ ਵੱਲੋਂ ਦਰਜ ਇਹ ਕੇਸ ਸੀਬੀਆਈ ਦੀ ਐੱਫਆਈਆਰ ’ਤੇ ਆਧਾਰਿਤ ਹੈ, ਜਿਸ ਵਿੱਚ ਸੀਬੀਆਈ ਵੱਲੋਂ ਜੇਕੇਸੀਏ ਦੇ ਜਨਰਲ ਸਕੱਤਰ ਮੁਹੰਮਦ ਸਲੀਮ ਖ਼ਾਨ ਅਤੇ ਸਾਬਕਾ ਖ਼ਜ਼ਾਨਚੀ ਅਹਿਸਾਨ ਅਹਿਮਦ ਮਿਰਜ਼ਾ ਸਣੇ ਕਈ ਅਹੁਦੇਦਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਬਾਅਦ ਵਿੱਚ ਸੀਬੀਆਈ ਨੇ 2002 ਤੋਂ 2011 ਦੌਰਾਨ ਸੂਬੇ ਵਿੱਚ ਖੇਡ ਨੂੰ ਪ੍ਰਚੱਲਿਤ ਕਰਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜੇਕੇਸੀਏ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਵਿਚੋਂ 43.69 ਕਰੋੜ ਦੇ ਗਬਨ ਦੇ ਮਾਮਲੇ ’ਚ ਫਾਰੂਕ ਅਬਦੁੱਲਾ, ਸਲੀਮ ਖਾਨ, ਅਹਿਸਾਨ ਅਹਿਮਦ ਮਿਰਜ਼ਾ ਤੋਂ ਇਲਾਵਾ ਮੀਰ ਮਨਜ਼ੂਰ ਗਜ਼ਨਫਰ ਅਲੀ, ਬਸ਼ੀਰ ਅਹਿਮਦ ਮਿਸਗਾਰ ਅਤੇ ਗੁਲਜ਼ਾਰ ਅਹਿਮਦ ਬੇਗ਼ (ਜੇਕੇਸੀਏ ਦੇ ਸਾਬਕਾ ਅਕਾਊਂਟੈਂਟ) ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਸੀ।
ਈਡੀ ਨੇ ਦੱਸਿਆ ਜਾਂਚ ’ਚ ਸਾਹਮਣੇ ਆਇਆ ਹੈ ਕਿ ਜੇਕੇਸੀਏ ਨੂੰ ਵਿੱਤੀ ਵਰ੍ਹੇ 2005-06 ਤੋਂ 2011-12 (ਦਸੰਬਰ 2011 ਤੱਕ) ਦੌਰਾਨ ਬੀਸੀਸੀਆਈ ਵੱਲੋਂ ਤਿੰਨ ਵੱਖ-ਵੱਖ ਬੈਂਕਾਂ ਖ਼ਾਤਿਆਂ ਵਿੱਚ 94.06 ਕਰੋੜ ਰੁਪਏ ਮਿਲੇ ਸਨ।
ਦੂਜੇ ਪਾਸੇ, ਫਾਰੂਕ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਨੈਸ਼ਨਲ ਕਾਨਫਰੰਸ ਜਲਦੀ ਹੀ ਈਡੀ ਦੇ ਸੰਮਨ ਦਾ ਜਵਾਬ ਦੇਵੇਗੀ। ਉਨ੍ਹਾਂ ਕਿਹਾ, ‘ਇਹ ਕੁਝ ਹੋਰ ਨਹੀ ਬਲਕਿ ‘ਗੁਪਕਾਰ ਐਲਾਨਨਾਮੇ’ ਤਹਿਤ ‘ਪੀਪਲਜ਼ ਅਲਾਇੰਸ’ ਦੇ ਗਠਨ ਮਗਰੋਂ ਕੀਤੀ ਜਾ ਰਹੀ ਬਦਲੇ ਦੀ ਰਾਜਨੀਤੀ ਹੈ।’ ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਫਾਰੂਕ ਅਬਦੁੱਲਾ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਵੱਲੋਂ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।