ਨਵੀਂ ਦਿੱਲੀ (ਸਮਾਜ ਵੀਕਲੀ) : ਕੇਰਲਾ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਬਾਰੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਇਹ ਸੂਬਾ ਓਨਮ ਤਿਊਹਾਰ ਦੇ ਜਸ਼ਨਾਂ ਦੌਰਾਨ ਵਰਤੀ ‘ਲਾਪ੍ਰਵਾਹੀ ਦੀ ਕੀਮਤ’ ਚੁਕਾ ਰਿਹਾ ਹੈ। ਓਨਮ ਦੌਰਾਨ ਵਪਾਰ ਅਤੇ ਸੈਰ-ਸਪਾਟਾ ਸਬੰਧੀ ਸੇਵਾਵਾਂ ਵਿੱਚ ਵਾਧਾ ਹੋਣ ਨਾਲ ਕੋਵਿਡ-19 ਦਾ ਫੈਲਾਅ ਵੀ ਵਧ ਗਿਆ। ਮੰਤਰੀ ਨੇ ਕਿਹਾ ਕਿ ਇਹ ਸਾਰੀਆਂ ਸੂਬਾ ਸਰਕਾਰਾਂ ਲਈ ਚੰਗਾ ਸਬਕ ਹੋਣਾ ਚਾਹੀਦਾ ਹੈ ਕਿ ਤਿਊਹਾਰਾਂ ਦੇ ਸੀਜ਼ਨ ਵਿੱਚ ਵਰਤੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ।
ਇਸ ਲਈ ਯੋਜਨਾਬੰਦੀ ਕਰਨੀ ਅਤੇ ਇਹਤਿਆਤ ਵਰਤਣੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਕੇਰਲਾ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 3.3 ਲੱਖ ਨੂੰ ਪਾਰ ਕਰ ਗਈ ਹੈ ਅਤੇ ਸ਼ਨਿੱਚਰਵਾਰ ਨੂੰ 1,139 ਨਵੇਂ ਕੇਸ ਆੲੇ। ਓਨਮ (22 ਅਗਸਤ) ਤੋਂ ਪਹਿਲਾਂ ਸੂਬੇ ਵਿੱਚ 54 ਹਜ਼ਾਰ ਕੇਸ ਸਨ।ਆਪਣੇ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਨਾਲ ‘ਸੰਡੇ ਸੰਵਾਦ’ ਦੀ ਛੇਵੀਂ ਕਿਸ਼ਤ ਮੌਕੇ ਗੱਲਬਾਤ ਕਰਦਿਆਂ ਵਰਧਨ ਨੇ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਰਵਾਇਤੀ ਢੰਗ ਨਾਲ ਤਿਊਹਾਰ ਮਨਾਊਣ ਦੀ ਬੇਨਤੀ ਕੀਤੀ ਤਾਂ ਜੋ ਕੋਵਿਡ-19 ਲਾਗ ਦੇ ਖ਼ਤਰੇ ਤੋਂ ਬਚਿਆ ਜਾ ਸਕੇ।