ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐੱਮਐੱਲ-ਐੱਨ ਸੁਪਰੀਮੋ ਨਵਾਜ਼ ਸ਼ਰੀਫ਼ ਨੇ ਫ਼ੌਜ ਅਤੇ ਆਈਐੱਸਆਈ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਲਾਂਭੇ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਇਮਰਾਨ ਖ਼ਾਨ ਨੂੰ ਸੱਤਾ ’ਚ ਲਿਆ ਕੇ ਆਪਣੀ ‘ਕਠਪੁਤਲੀ ਸਰਕਾਰ’ ਕਾਇਮ ਕੀਤੀ ਹੈ।
ਸ਼ਰੀਫ਼ ਨੇ 11 ਪਾਰਟੀਆਂ ਦੇ ਗੱਠਜੋੜ ‘ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ’ ਵੱਲੋਂ ਗੁੱਜਰਾਂਵਾਲਾ ’ਚ ਸ਼ੁੱਕਰਵਾਰ ਦੇਰ ਰਾਤ ਕੀਤੀ ਗਈ ਰੈਲੀ ਨੂੰ ਲੰਡਨ ਤੋਂ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਉਹ ਪਿਛਲੇ ਸਾਲ ਨਵੰਬਰ ਤੋਂ ਹੀ ਲੰਡਨ ’ਚ ਹਨ ਅਤੇ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ 24 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਆਈਐੱਸਆਈ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਿਆ ਅਤੇ 2018 ਦੀਆਂ ਚੋਣਾਂ ’ਚ ਗੜਬੜੀ ਕਰਕੇ ‘ਨਾਲਾਇਕ’ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ।
ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ਼ ਨੇ ਕਿਹਾ,‘‘ਤੁਸੀਂ ਮੈਨੂੰ ਗੱਦਾਰ ਆਖ ਸਕਦੇ ਹੋ, ਮੇਰੀ ਸੰਪਤੀਆਂ ਜ਼ਬਤ ਕਰ ਕਰਕੇ ਝੂਠੇ ਕੇਸਾਂ ’ਚ ਫਸਾ ਸਕਦੇ ਹੋ ਪਰ ਮੈਂ ਆਪਣੇ ਲੋਕਾਂ ਲਈ ਬੋਲਣਾ ਜਾਰੀ ਰੱਖਾਂਗਾ।’’ ਨਵੇਂ ਗੱਠਜੋੜ ਦੀ ਇਹ ਪਹਿਲੀ ਰੈਲੀ ਸੀ ਅਤੇ ਇਸ ਦੌਰਾਨ ਕ੍ਰਿਕਟ ਸਟੇਡੀਅਮ ਪੂਰਾ ਭਰਿਆ ਹੋਇਆ ਸੀ।
ਸ੍ਰੀ ਸ਼ਰੀਫ਼ ਮੌਜੂਦਾ ਸਮੇਂ ’ਚ ਜ਼ਮਾਨਤ ’ਤੇ ਹਨ ਅਤੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਹਨ। ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ’ਚ ਇਲਾਜ ਲਈ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਸੀ ਅਤੇ ਉਸ ਮਗਰੋਂ ਉਹ ਮੁਲਕ ਨਹੀਂ ਪਰਤੇ ਹਨ।