ਮੁੰਬਈ (ਸਮਾਜ ਵੀਕਲੀ) : ਬਾਂਦਰਾ ਮੈਟਰੋਪੌਲੀਟਨ ਮੈਜਿਸਟਰੇਟ ਦੀ ਅਦਾਲਤ ਦੇ ਹੁਕਮਾਂ ’ਤੇ ਮੁੰਬਈ ਪੁਲੀਸ ਨੇ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਖ਼ਿਲਾਫ਼ ਵੱਖ-ਵੱਖ ਫਿਰਕਿਆਂ ਵਿਚਾਲੇ ਦੁਸ਼ਮਣੀ ਨੂੰ ਬੜ੍ਹਾਵਾ ਦੇਣ ਤੇ ਹੋਰ ਕਥਿਤ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਹੈ।
ਅਦਾਲਤ ਵੱਲੋਂ ਪੁਲੀਸ ਨੂੰ ਬੌਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਅਤੇ ਫਿਟਨੈੱਸ ਟਰੇਨਰ ਸਾਹਿਲ ਅਸ਼ਰਫ਼ ਅਲੀ ਸਈਦ ਦੀ ਸ਼ਿਕਾਇਤ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ’ਚ ਕੰਗਨਾ ਰਣੌਤ ਤੇ ਉਸ ਦੀ ਭੈਣ ਦੇ ਟਵੀਟ ਅਤੇ ਹੋਰ ਕਥਿਤ ਭੜਕਾਊ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ।
ਸਈਦ ਦੇ ਵਕੀਲ ਮੁਤਾਬਕ ਸ਼ਿਕਾਇਤ ’ਚ ਕਥਿਤ ਦੋਸ਼ ਲਾਇਆ ਗਿਆ ਕਿ ਕੰਗਨਾ ਰਣੌਤ ਪਿਛਲੇ ਦੋ ਮਹੀਨਿਆਂ ਤੋਂ ਟੀਵੀ ਚੈਨਲਾਂ ’ਤੇ ਇੰਟਰਵਿਊਜ਼ ਅਤੇ ਟਵਿੱਟਰ ਰਾਹੀਂ ਬੌਲੀਵੁੱਡ ਨੂੰ ‘ਪੱਖਪਾਤ’ ਅਤੇ ‘ਭਾਈ-ਭਤੀਜਾਵਾਦ ਦੇ ਕੇਂਦਰ’ ਦੱਸ ਕੇ ਬਦਨਾਮ ਕਰ ਰਹੀ ਹੈ। ਉਸ ਦੇ ਕਈ ‘ਬਹੁਤ ਇਤਰਾਜ਼ਯੋਗ’ ਟਵੀਟਾਂ ਨਾਲ ਨਾ ਸਿਰਫ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਬਲਕਿ ਉਸ ਨੇ ਅਨੇਕਾਂ ਕਲਾਕਾਰਾਂ ਨੂੰ ਫਿਰਕੇ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਦੀ ਭੈਣ ਨੇ ਵੀ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਟਿੱਪਣੀਆਂ ਰਾਹੀਂ ਦੋ ਧਾਰਮਿਕ ਫਿਰਕਿਆਂ ’ਚ ਫਿਰਕੂ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ।