ਦਿੱਲੀ ਪੁਲੀਸ ਵੱਲੋਂ ਦਰਜ ਕੇਸ ਦਾ ਤਿੱਖਾ ਵਿਰੋਧ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਨੰਬਰ 59/2020 ਦੇ ਸਬੰਧ ਵਿੱਚ ਮਹਿਲਾ ੲੇਕਤਾ ਯਾਤਰਾ ’ਚ ਸ਼ਾਮਲ ਲੋਕਾਂ ਨੇ ਇਕ ਬਿਆਨ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਐਨੀ ਰਾਜਾ, ਅੰਜਲੀ ਭਾਰਦਵਾਜ, ਦੀਪਾ ਸਿਨਹਾ, ਸ਼ਬਨਮ ਹਾਸ਼ਮੀ, ਕਮਲਾ ਭਸੀਨ, ਨਵਸ਼ਰਨ ਸਿੰਘ, ਵਾਣੀ ਸੁਬਰਾਮਨੀਅਮ, ਪੂਨਮ ਕੌਸ਼ਿਕ, ਮੈਮੂਨਾ ਮੌਲਾਹ, ਅੰਮ੍ਰਿਤਾ ਜੌਹਰੀ, ਫਿਲੋਮਿਨਾ ਜੌਹਨ, ਸਰੂਰ ਮੰਦਰ, ਅਦਿੱਤੀ, ਰਾਧਾ, ਸੁਨੀਤਾ ਧਰ ਤੇ ਪ੍ਰਿਯਾ ਪਿੱਲਈ ਸ਼ਾਮਲ ਹਨ।

ਉਕਤ ਸਾਰਿਆਂ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ’ਚ ਸ਼ਾਂਤਮਈ ਤਰੀਕੇ ਨਾਲ ਮਹਿਲਾਵਾਂ ਵੱਲੋਂ ਪ੍ਰਗਟਾਈ ਗਈ ਅਸਹਿਮਤੀ ਤੇ ਭਾਰਤੀ ਲੋਕਤੰਤਰ ਵਿੱਚ ਸ਼ਮੂਲੀਅਤ ਕਰਨ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸ ਦਾ ਉਹ ਤਿੱਖਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਨਾਗਰਿਕਤਾ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਤੇ ਕੌਮੀ ਆਬਾਦੀ ਰਜਿਸਟਰ ਖ਼ਿਲਾਫ਼ ਮਹਿਲਾਵਾਂ ਦੀ ਅਗਵਾਈ ਵਿੱਚ ਹੋਏ ਸ਼ਾਂਤਮਈ ਪ੍ਰਦਰਸ਼ਨ ਲੋਕਤੰਤਰੀ ਢੰਗ ਨਾਲ ਵਿਰੋਧ ਕਰਨ ਦੀ ਉਦਹਾਰਨ ਬਣੇ ਹਨ ਅਤੇ ਦੁਨੀਆਂ ਭਰ ਦੇ ਲੋਕਾਂ ਨੇ ਇਨ੍ਹਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।

ਔਰਤਾਂ, ਖ਼ਾਸ ਕਰ ਕੇ ਮੁਸਲਿਮ ਔਰਤਾਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਤੇ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ ਜਿਨ੍ਹਾਂ ਦਾ ਵੱਖ-ਵੱਖ ਫਿਰਕਿਆਂ ਦੇ ਲੋਕਾਂ ’ਤੇ ਵੱਖੋ-ਵੱਖਰਾ  ਪ੍ਰਭਾਵ ਪੈਂਦਾ ਹੈ। ਇਸ ਨਜ਼ਰੀਏ ਦਾ ਪ੍ਰਗਟਾਵਾ ਕਰਨ ਲਈ ਸੱਤੋਂ ਦਿਨ 24 ਘੰਟੇ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਗਾਤਾਰ ਧਰਨੇ-ਪ੍ਰਦਰਸ਼ਨ ਚੱਲੇ ਸਨ। ਔਰਤਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਲਈ ਮਹਿਲਾ ਏਕਤਾ ਯਾਤਰਾ ਵੱਲੋਂ 14, 15, 16 ਫਰਵਰੀ 2020 ਨੂੰ ਸੀਏਏ, ਐੱਨਆਰਸੀ ਤੇ ਐੱਨਪੀਆਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਾਲੀਆਂ ਕੁਝ ਥਾਵਾਂ ਦਾ ਦੌਰਾ ਕੀਤਾ ਗਿਆ ਸੀ। ਇਨ੍ਹਾਂ ਥਾਵਾਂ ’ਤੇ ਮਹਿਲਾਵਾਂ ਤੇ ਲੋਕਤੰਤਰੀ ਹੱਕਾਂ ਦੀ ਗੱਲ ਕੀਤੀ ਗਈ। ਇਸ ਦੌਰਾਨ ਮਿਲ ਕੇ ਸੰਵਿਧਾਨ ਦੀ ਪੇਸ਼ਕਾਰੀ ਪੜ੍ਹੀ ਗਈ ਅਤੇ ਸ਼ਾਂਤੀ ਦੇ ਗੀਤ ਗਾਏ।

Previous articleਸੀਬੀਐੱਸਈ ਨੇ ਪ੍ਰੀਖਿਆ ਫ਼ੀਸ ਭਰਨ ਦੀ ਤਰੀਕ ਵਧਾਈ
Next articleਕਰੋਨਾ: ਦੇਸ਼ ’ਚ ਕੇਸਾਂ ਦੀ ਗਿਣਤੀ 72 ਲੱਖ ਤੋਂ ਪਾਰ