ਚੰਡੀਗੜ੍ਹ/ਡੇਰਾ ਬਾਬਾ ਨਾਨਕ (ਸਮਾਜ ਵੀਕਲੀ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੋ ਨਿਬੜਿਆ ਹੈ। ਆਨਲਾਈਨ ਹੋਏ ਉਦਘਾਟਨੀ ਸਮਾਰੋਹ, ਜਿਸ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੀਤੀ, ਵਿੱਚ ਸੂਬੇ ਦੇ ਚਾਰ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿੱਚੋਂ ਤਿੰਨ ਪੁਲ ਜ਼ਿਲ੍ਹਾ ਗੁਰਦਾਸਪੁਰ ਅਤੇ ਇੱਕ ਪੁਲ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਬਣਾਇਆ ਗਿਆ ਹੈ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੋਨੇਵਾਲਾ-ਰਸੂਲਪੁਰ ਸੜਕ ‘ਤੇ ਕੱਸੋਵਾਲ ਵਿੱਚ ਧਰਮਕੋਟ ਪੱਤਣ ਨੇੜੇ ਰਾਵੀ ਦਰਿਆ ਉਪਰ ਬਣਾਇਆ ਗਿਆ 483.95 ਮੀਟਰ ਲੰਮਾ ਮਲਟੀ ਸੈੱਲ ਬਾਕਸ ਬ੍ਰਿਜ (ਸਬਮਰਸੀਬਲ) ਸੁਰੱਖਿਆ ਬਲਾਂ ਲਈ ਜ਼ਰੂਰੀ ਸੰਪਰਕ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੰਮਕਾਜ ਵਿੱਚ ਸਹਾਈ ਹੋਵੇਗਾ। ਜ਼ਿਲ੍ਹਾ ਗੁਰਦਾਸਪੁਰ ਵਿੱਚ ਡੋਗਰਾ ਮੰਦਰ-ਪੜੋਲ-ਜਨਿਆਲ-ਬਮਿਆਲ ਸੜਕ ’ਤੇ 42.96 ਮੀਟਰ ਲੰਮੇ ਬਾਜੂ ਪੁਲ ਦਾ ਵਿਭਾਗੀ ਤੌਰ ’ਤੇ ਨਿਰਮਾਣ ਕੀਤਾ ਗਿਆ ਹੈ, ਜੋ ਦੋ ਮਾਰਗੀ ਮਲਟੀ ਸੈੱਲ ਬਾਕਸ ਬ੍ਰਿਜ ਹੈ। ਤੀਜਾ ‘ਸ਼ਿੰਗਾਰਵਾਂ ਪੁਲ’, ਜਿਸ ਦੀ ਲੰਬਾਈ 30.20 ਮੀਟਰ ਹੈ, ਪਰਮਾਨੰਦ-ਤਾਰਾਗੜ੍ਹ-ਕਥਲੌਰ-ਐਨਜੇਐਸ-ਪੜੋਲ ਮਾਰਗ ’ਤੇ ਬਣਾਇਆ ਗਿਆ ਹੈ।
ਫ਼ਾਜ਼ਿਲਕਾ ਵਿੱਚ ਬਣਾਏ ਗਏ ਪੁਲ ਬਾਰੇ ਦੱਸਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ 40 ਮੀਟਰ ਲੰਮਾ ਸਟੀਲ ਦੇ ਢਾਂਚੇ ਵਾਲਾ ਇਹ ਪੁਲ ਸਬੁਨਾ-ਮੌਜ਼ਮ ਵਿੱਚ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਸੋਵਾਲ ਵਿੱਚ ਬਾਰਡਰ ਰੋਡ ਆਰਗਨਾਈਜੇਸ਼ਨ ਵੱਲੋਂ ਤਿਆਰ ਕੀਤਾ ਇਹ ਪੁਲ ਦੇਸ਼ ਦੇ 44 ਪੁਲਾਂ ਵਿੱਚੋ ਸਭ ਤੋਂ ਲੰਬਾ ਹੈ। ਕੱਸੋਵਾਲ ਨੇੜੇ ਇਹ ਪੁਲ ਰਾਵੀ ਦਰਿਆ ਦੇ ਉੱਪਰ 2485 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਸ ਦੀ ਲੰਬਾਈ 484 ਮੀਟਰ ਹੈ| ਗੁਰਦਾਸਪੁਰ ਦੇ ਏਡੀਸੀ ਤੇਜਿੰਦਰਪਾਲ ਸਿੰਘ ਸੰਧੂ ਅਤੇ ਬੀਐੱਸਐੱਫ ਦੇ ਅਧਿਕਾਰੀ ਅਮਿਤਾਭ ਮਿਸ਼ਰਾ ਵਲੋਂ ਅੱਜ ਇਸ ਪੁਲ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ| ਇਸ ਮੌਕੇ ਗੁਰਦਾਸਪੁਰ ਦੇ ਏਡੀਸੀ ਤੇਜਿੰਦਰਪਾਲ ਸਿੰਘ ਸੰਧੂ ਅਤੇ ਬੀਐੱਸਐੱਫ ਅਧਿਕਾਰੀ ਅਮਿਤਾਭ ਮਿਸ਼ਰਾ ਨੇ ਦੱਸਿਆ ਕਿ ਰਾਵੀ ਦਰੀਆ ਵਿੱਚ ਬਣੇ ਪੁਲ ਦਾ ਇਥੋਂ ਦੇ ਊਨ੍ਹਾਂ ਕਿਸਾਨਾਂ ਨੂੰ ਵਧੇਰੇ ਲਾਭ ਹੋਵੇਗਾ ਜਿਨ੍ਹਾਂ ਦੀਆਂ ਜ਼ਮੀਨਾਂ ਰਾਵੀ ਦਰਿਆ ਦੇ ਪਾਰ ਹਨ।
ਉਨ੍ਹਾਂ ਕਿਹਾ ਕਿ ਕੱਸੋਵਾਲ ਪੁਲ ਇਤਿਹਾਸਕ ਮਹੱਤਤਾ ਵੀ ਰੱਖਦਾ ਹੈ ਕਿਉਂਕਿ ਇਸ ਥਾਂ ’ਤੇ 1965 ਅਤੇ 1971 ਦੀ ਜੰਗ ਲੜੀ ਜਾ ਚੁੱਕੀ ਹੈ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦਰਿਆ ਰਾਵੀ ਦੇ ਆਰ ਪਾਰ ਜਾਣ ਲਈ ਆਰਜ਼ੀ ਪਲਟੂਨ ਪੁਲ ਬਣਾਇਆ ਜਾਂਦਾ ਸੀ ਪਰ ਜਦੋਂ ਦਰਿਆ ਵਿਚ ਪਾਣੀ ਜ਼ਿਆਦਾ ਆਉਂਦਾ ਸੀ ਤਾਂ ਉਸ ਨੂੰ ਹਟਾਉਣਾ ਪੈਂਦਾ ਸੀ। ਇਸ ਕਰਕੇ ਰਾਵੀ ਪਾਰ ਵਸੇ ਪਿੰਡਾਂ ਦੇ ਲੋਕਾਂ ,ਖੇਤੀ ਕਰਨ ਵਾਲੇ ਕਿਸਾਨਾਂ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਸਾਨਾਂ ਨੇ ਕਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਕਈ ਕਈ ਦਿਨ ਦਰਿਆ ਪਾਰ ਹੀ ਰਹਿਣਾ ਪੈਂਦਾ ਸੀ ਪਰ ਹੁਣ ਇਸ ਪੁਲ ਦੇ ਬਣਨ ਨਾਲ ਉਹ ਰੋਜ਼ਾਨਾ ਆ ਜਾ ਸਕਣਗੇ | ਕਿਸਾਨਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।