ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਬਾਅਦ ਰਾਜ ਭਰ ਵਿਚ ਸਖ਼ਤ ਸ਼ਰਤਾਂ ਤਹਿਤ ਸਕੂਲ ਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਕੰਟੇਨਮੈਂਟ ਜ਼ੋਨਾਂ ਵਿੱਚ ਹਾਲੇ ਇਹ ਸੰਸਥਾਵਾਂ ਨਹੀਂ ਖੋਲ੍ਹੀਆਂ ਜਾਣਗੀਆਂ। ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਆਨਲਾਈਨ ਜਾਂ ਡਿਸਟੈਂਸ ਲਰਨਿੰਗ ਨੂੰ ਤਰਜੀਹ ਦੇਣ ਲਈ ਆਖਿਆ ਗਿਆ ਹੈ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਸਹਿਮਤੀ ਨਾਲ ਹੀ ਸਕੂਲ ਆਉਣ ਦੀ ਆਗਿਆ ਹੋਵੇਗੀ। ਸਕੂਲਾਂ ਨੂੰ ਹਾਜ਼ਰੀ ਲਾਜ਼ਮੀ ਕਰਾਰ ਨਾ ਦੇਣ ਲਈ ਆਖਿਆ ਗਿਆ ਹੈ।
ਨਵੇਂ ਨਿਰਦੇਸ਼ਾਂ ਅਨੁਸਾਰ ਜੋ ਸਕੂਲ 15 ਅਕਤੂਬਰ ਮਗਰੋਂ ਖੁੱਲ੍ਹਣਗੇ, ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗੀ। ਪੀ.ਐਚਡੀ ਸਕਾਲਰਾਂ ਲਈ ਉੱਚੇਰੀ ਸਿੱਖਿਆ ਸੰਸਥਾਵਾਂ ਅਤੇ ਸਾਇੰਸ ਟੈਕਨਾਲੋਜੀ ਦੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ 15 ਅਕਤੂਬਰ ਤੋਂ ਬਾਅਦ ਲੈਬਾਰਟਰੀ ’ਚ ਕੰਮ ਕਰਨ ਦੀ ਆਗਿਆ ਹੋਵੇਗੀ। ਕੇਂਦਰੀ ਫੰਡ ਪ੍ਰਾਪਤ ਸੰਸਥਾਵਾਂ ਦੇ ਮੁਖੀ ਆਪਣੇ ਪੱਧਰ ’ਤੇ ਫ਼ੈਸਲਾ ਲੈ ਸਕਣਗੇ। ਇਸੇ ਤਰ੍ਹਾਂ ਖਿਡਾਰੀਆਂ ਲਈ ਸਵਿਮਿੰਗ ਪੂਲ ਵੀ 15 ਅਕਤੂਬਰ ਮਗਰੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।