ਟੋਰਾਂਟੋ (ਸਮਾਜ ਵੀਕਲੀ) : ਕੈਨੇਡਾ ਸਰਕਾਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਚੀਨ ਨੇ ਹਿਰਾਸਤ ਵਿੱਚ ਲਏ ਦੋ ਕੈਨੇਡੀਅਨ ਨਾਗਰਿਕਾਂ ਤੱਕ ਜਨਵਰੀ ਤੋਂ ਬਾਅਦ ਪਹਿਲੀ ਵਾਰ ਸਫ਼ਾਰਤੀ ਰਸਾਈ ਦਿੱਤੀ ਹੈ। ਆਲਮੀ ਮਾਮਲਿਆਂ ਬਾਰੇ ਵਿਭਾਗ ਨੇ ਕਿਹਾ ਕਿ ਚੀਨ ਲਈ ਕੈਨੇਡਾ ਦੇ ਦੂਤ ਡੌਮਨਿਕ ਬਾਰਟਨ ਨੂੰ ਸ਼ੁੱਕਰਵਾਰ ਨੂੰ ਮਾਈਕਲ ਸਪਾਵੋਰ ਅਤੇ ਸ਼ਨਿੱਚਰਵਾਰ ਨੂੰ ਮਾਈਕਲ ਕੋਵਰਿਗ ਨਾਲ ਵਰਚੁਅਲ ਮਾਧਿਅਮ ਰਾਹੀਂ ਸਫ਼ਾਰਤੀ ਰਸਾਈ ਦਿੱਤੀ ਗਈ।
ਸਰਕਾਰ ਨੇ ਬਿਆਨ ਰਾਹੀਂ ਕਿਹਾ, ‘‘ਕੈਨੇਡਾ ਸਰਕਾਰ ਨੂੰ ਚੀਨ ਵਲੋਂ ਦਸੰਬਰ 2018 ਤੋਂ ਹਿਰਾਸਤ ਵਿੱਚ ਲਏ ਦੋ ਕੈਨੇਡੀਅਨ ਨਾਗਰਿਕਾਂ ਦੀ ਚਿੰਤਾ ਹੈ ਅਤੇ ਦੋਵਾਂ ਦੀ ਤੁਰੰਤ ਰਿਹਾਈ ਲਈ ਆਖਿਆ ਜਾ ਰਿਹਾ ਹੈ।’’ ਕੈਨੇਡਾ ਵਲੋਂ ਚੀਨ ਦੀ ਹੁਵੇਈ ਕੰਪਨੀ ਦੇ ਅਧਿਕਾਰੀ ਮੇਂਗ ਵਾਂਜ਼ਹੂ ਅਤੇ ਕੰਪਨੀ ਦੇ ਬਾਨੀ ਦੀ ਧੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਨੌਂ ਦਿਨਾਂ ਮਗਰੋਂ ਦਸਬੰਰ 2018 ਵਿੱਚ ਚੀਨ ਨੇ ਕੋਵਰਿਗ (ਸਾਬਕਾ ਡਿਪਲੋਮੈਟ) ਅਤੇ ਸਪਾਵੋਰ (ਸਾਬਕਾ ਕਾਰੋਬਾਰੀ) ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਊਦੋਂ ਤੋਂ ਹੀ ਕੈਨੇਡਾ ਵਲੋਂ ਪੇਈਚਿੰਗ ’ਤੇ ਦੋਵਾਂ ਦੀ ਰਿਹਾਈ ਲਈ ਦਬਾਅ ਪਾਇਆ ਜਾ ਰਿਹਾ ਹੈ।