ਲਾਪਰਵਾਹੀ; ਸੰਤ ਬਰਾਸ ਤੋਂ ਲੈ ਕੇ ਪਠਾਨਕੋਟ ਚੌਕ ਜਲੰਧਰ ਤਕ ਟੁੱਟੀ ਭੱਜੀ ਹੈ ਸੜਕ

ਲਾਪਰਵਾਹੀ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

—ਜਲੰਧਰ ਦੀ ਸਭ ਤੋਂ ਭੈੜੀ ਸੜਕ ਹੈ ਇਹ ਸਰਵਿਸ ਰੋਡ

ਜਲੰਧਰ  (ਸਮਾਜ ਵੀਕਲੀ ਦੋਆਬਾ ਬਿਊਰੋ): ਜ਼ਿਲਾ ਜਲੰਧਰ ਵਿਚ ਉਝ ਤਾਂ ਹਰ ਪਾਸੇ ਸੜਕਾਂ ਦਾ ਬੁਰਾ ਹਾਲ ਹੈ ਪਰ ਜੇ ਪਠਾਨਕੋਟ ਬਾਈਪਾਸ ਚੌਕ ਤੋਂ ਫੋਕਲ ਪੁਆਇੰਟ ਵੱਲ ਜਾਣਾ ਹੋਵੇ ਤਾਂ ਏਸ ਸਰਵਿਸ ਰੋਡ ਤੋਂ ਲੰਘਣਾ ਪੈਂਦਾ ਹੈ ਤਾਂ ਰਾਹਗੀਰਾਂ ਦੀ ਬੱਸ ਹੋ ਜਾਂਦੀ ਹੈ।

ਸਰਵਿਸ ਰੋਡ ’ਤੇ ਪਈਏ ਤਾਂ ‘ਬੇੜਾ ਗਰਕ’ ਵਾਲੇ ਹਾਲਾਤ ਪ੍ਰਤੱਖ ਨਜ਼ਰ ਆ ਜਾਂਦੇ ਹਨ। ਸੜਕ ਥਾਂ- ਥਾਂ ਤੋਂ ਟੁੱਟੀ ਭੱਜੀ ਹੋਣ ਕਾਰਨ ਸਾਫ਼ ਪਤਾ ਲੱਗ ਜਾਂਦਾ ਹੈ ਕਿ ਠੇਕੇਦਾਰ ਨੇ ਆਪਣੀ ਮੋਟੀ ਕਮਿਸ਼ਨ ਰੱਖਣ ਦੇ ਨਾਲ ਨਾਲ ਲੋਕਾਂ ਦੀਆਂ ਹੱਡੀਆਂ ਤੁੜਾਉਣ ਦਾ ਇਰਾਦਾ ਕੀਤਾ ਹੋਇਆ ਸੀ, ਏਸੇ ਲਈ ਇਹ ਸੜਕ ਇੰਨੀ ਭੈੜੀ ਬਣੀ ਹੈ। ਲੋਕਾਂ ਦੇ ਦੋ-ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਟੁੱਟਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜਾਪਦਾ ਹੈ।

ਸੰਤ ਬਰਾਸ ਦੇ ਐਨ ਸਾਹਮਣੇ ਇਕ ਹੌਦੀ ਹੈ, ਜਿਹਦੇ ਉੱਤੇ ਮੈਨਹੋਲ ਨਹੀਂ ਹੈ। ਇਸ ਦੇ 100 ਮੀਟਰ ਦੇ ਘੇਰੇ ਵਿਚ ਕੁਲ 3 ਹੌਦੀਆਂ ਹਨ, ਕਿਸੇ ਉੱਤੇ ਸ਼ਾਇਦ ਹੀ ਢੱਕਣ ਲੱਗਾ ਹੋਵੇ। 23, 24 ਤੇ 25 ਸਤੰਬਰ ਨੂੰ ਜਦੋਂ ਸਾਰਾ ਦਿਨ ਕਿਣਮਿਣ ਹੁੰਦੀ ਰਹੀ ਤੇ ਫਿਰ ਵਾਛੜ ਪਈ ਤਾਂ ਸੜਕ ਹੋਰ ਟੁੱਟ ਗਈ। ਰਾਤ ਨੂੰ ਇਹ ਹਾਲ ਸੀ ਕਿ ਕਿਤੇ ਤਾਂ ਸਟਰੀਟ ਲਾਈਟ ਜੱਗ ਰਹੀ ਸੀ ਤੇ ਕਿਤੇ ਘੁਪ ਹਨੇਰਾ ਹੋਇਆ ਸੀ। ਇਸ ਦੌਰਾਨ ਲੋਕ ਮੈਨਹੋਲ ਤੋਂ ਸੱਖਣੀਆਂ ਹੌਦੀਆਂ ਤੋਂ ਹੀ ਆਪਣੇ ਵਾਹਨ ਕੱਢ ਕੇ ਅੱਗੇ ਮੰਜ਼ਲ ਵੱਲ ਵੱਧਦੇ ਰਹੇ। ਬਹੁਤ ਸਾਰੇ ਲੋਕ ਮੀਂਹ ਵਿਚ ਡਿੱਗਦੇ ਰਹੇ। ਹੱਡੀਆਂ ਟੁੱਟੀਆਂ ਤੇ ਹੱਡ ਗੋਡੇ ਰਗੜਦੇ ਹੋਏ ਵੈਦਾਂ, ਹਕੀਮਾਂ ਤੇ ਡਾਕਟਰਾਂ ਕੋਲ ਜਾਣ ਵਾਲੇ ਬਣ ਗਏ। ਵਰਦੇ ਮੀਂਹ ਵਿਚ ਇਹ ਨਹੀਂ ਪਤਾ ਲੱਗਦਾ ਸੀ ਕਿ ਕਿੱਥੇ ਹੌਦੀ ਹੈ ਤੇ ਕਿੱਥੇ ਫੁੱਟਪਾਥ ਹੈ। ਲੋਕ ਠੇਕੇਦਾਰ ਤੇ ਨਿਗਮ ਦੇ ਅਫ਼ਸਰਾਂ ਨੂੰ ਬੁਰਾ ਭਲਾ ਕਹਿ ਕੇ ਅੱਗੇ ਵੱਧ ਰਹੇ ਸਨ।

ਇਸ ਸਬੰਧ ਵਿਚ ਦੋਆਬਾ ਕਲਿਆਣ ਕੌਂਸਲ ਦੇ ਅਹੁਦੇਦਾਰਾਂ ਵਾਹਦ, ਦੀਦਾਵਰ, ਖੁਰਸ਼ੀਦ, ਯਾਦਵਿੰਦਰ ਸਰੂਪ ਨਗਰ ਰਾਓਵਾਲੀ, ਕਮਲ ਡੀਜ਼ਾਇਨਰ ਮਿਲਕ ਪਲਾਂਟ ਜਲੰਧਰ, ਦਿਲਬਾਗ ਦੇਹਰਾਦੂਨ ਤੇ ਸ੍ਰੀ ਧੁੰਨਾ ਤੇ ਮਜ਼ਹਰ ਆਲਮ ਦੇ ਸਾਥੀਆਂ ਨੇ ਦੱਸਿਆ ਕਿ ਹਰ ਵਾਰੀ ਜਦੋਂ ਸੜਕ ਬਣਦੀ ਹੈ ਤਾਂ ਠੇਕੇਦਾਰ ਤੇ ਉਹਦੇ ਕਰਿੰਦੇ ਰਾਹ ਰੋਕ ਕੇ ਬਹਿ ਜਾਂਦੇ ਹਨ। ਲੋਕ, ਬਦਲਵੇਂ ਰਾਹ ਅਖ਼ਤਿਆਰ ਕਰ ਕੇ ਅੱਗੇ ਜਾਂਦੇ ਹਨ ਪਰ ਜਿਹੜੀ ਸੜਕ ਬਣ ਕੇ ਸਾਹਮਣੇ ਆਉਦੀ ਹੈ, ਉਹ ਚਾਰ ਦਿਨ ਵੀ ਨਹੀਂ ਕੱਢਦੀ। ਸੰਤ ਬਰਾਸ ਤੋਂ ਲੈ ਕੇ ਪਠਾਨਕੋਟ ਚੌਕ ਤਕ ਬਣੀ ਇਹ ਸਰਵਿਸ ਰੋਡ ਇਹੋ ਜਿਹਾ ਘੜਿੱਚਖ਼ਾਨਾ ਹੈ ਕਿ ਲੋਕਾਂ ਦੇ ਸਕੂਟਰਾਂ ਕਾਰਾਂ ਦੇ ਸ਼ੌਕਰ ਖ਼ਰਾਬ ਹੋ ਗਏ। ਬਹੁਤ ਸਾਰੇ ਲੋਕ ਸਰੀਰਕ ਦਰਦਾਂ ਕਾਰਨ ਕੁਰਲਾਹ ਰਹੇ ਹਨ ਪਰ ਨਗਰ ਨਿਗਮ ਜਲੰਧਰ ਦੇ ਬਦਨੀਤ ਠੇਕੇਦਾਰਾਂ ਨੂੰ ਰਤਾ ਸ਼ਰਮ ਨਹੀਂ ਹੈ। ਇਸ ਖ਼ਬਰ ਨਾਲ ਨੱਥੀ ਤਸਵੀਰਾਂ ਇਸ ਸੜਕ ਦੀ ਬਦਹਾਲੀ ਬਾਰੇ ਸਭ ਕੁਝ ਬਿਆਨ ਕਰ ਰਹੀਆਂ ਹਨ। ਕਾਬਿਲੇ ਜ਼ਿਕਰ ਹੈ ਕਿ ਇਸ ਬਾਰੇ ਕੌਂਸਲਰ ਨੂੰ ਵਾਰ ਵਾਰ ਫੋਨ ’ਤੇ ਸੰਪਰਕ ਕੀਤਾ ਗਿਆ ਪਰ ਉਹਨੇ ਫੋਨ ਨਹੀਂ ਚੁੱਕਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਸਿੰਆਂ…..
Next articleਵਿੱਦਿਆ ਦੀ ਮਹੱਤਤਾ