(ਸਮਾਜ ਵੀਕਲੀ)
ਖਾਲੀ ਸਥਾਨ ਭਰਨਾ ਹੈ….
ਇਸ ਲਈ ਤੁਹਾਨੂੰ
ਚੋਣ ਕਰਨ ਲਈ
ਚਾਰ ਉੱਤਰ ਦਿੱਤੇ ਜਾਣਗੇ
ਚਾਰਾਂ ‘ਚੋਂ ਕਿਸੇ ਇਕ ਦੀ
ਚੋਣ ਕਰਨੀ ਲਾਜ਼ਮੀ ਹੈ
ਤੁਹਾਨੂੰ ਜਨਮ ਤੋਂ ਹੀ
ਇਸ ਬਾਰੇ
ਪੜਾਇਆ ਗਿਆ ਹੈ
ਜੇਕਰ ਤੁਸੀਂ
ਇਸ ਖਾਲੀ ਸਥਾਨ ਨੂੰ
ਭਰਨ ‘ਚ ਅਸਫ਼ਲ ਹੋ ਜਾਂਦੇ ਹੋ
ਜਾਂ ਸਹੀ ਉੱਤਰ ਦੀ ਚੋਣ ਨਹੀਂ ਕਰਦੇ
ਤਾਂ ਤੁਸੀਂ ਨਿੰਦੇ ਜਾਂਦੇ ਹੋ
ਸਕੂਲ, ਕਾਲਜ ਤੇ ਵਿਸ਼ਵਵਿਦਿਆਲੇ ‘ਚ
ਇਥੋਂ ਤਕ ਹੀ ਨਹੀਂ
ਸਮਾਜ ਵੀ ਤੁਹਾਨੂੰ ਸਮਾਜਿਕ ਹੋਣ ਤੋਂ
ਕਤਰਾਉਣ ਲੱਗਦਾ ਹੈ
ਮੰਦਿਰ-ਮਸਜਿਦ ਤੇ ਗਿਰਝਾ ਘਰ ਦੇ ਰਖਵਾਲੇ
ਤੁਹਾਨੂੰ ਘੰਟੀ ਨਹੀਂ ਵਜਾਉਣ ਦੇਣਗੇ
ਕਿਉਂ ਕਿ ਘੰਟੀ ਦੀ ਆਵਾਜ਼ ਨਾਲ ਹੋਏ ਖੜਾਕ
ਨਾਲ ਜਾਗ ਪੈਣਗੇ
ਸੁੱਤੀ ਹੋਈ ਜ਼ਮੀਰ ਵਾਲੇ
ਤੇ ਤੁਰ ਪੈਣਗੇ
ਇਸ ਖਾਲੀ ਸਥਾਨ ਦੀ
ਚੋਣ ਕਰਨ ਲਈ
ਚਾਰ ਉੱਤਰਾਂ ਨੂੰ ਛੱਡ
ਸਹੀ ਦਿਸ਼ਾ ਦੀ ਭਾਲ ‘ਚ
ਜਿਨ੍ਹਾਂ ਨੂੰ ਸੂਹੇ ਰੰਗ ਦੀ
ਪਹਿਚਾਣ ਹੋ ਜਾਵੇਗੀ
ਉਹ ਇਸ ਖਾਲੀ ਸਥਾਨ ‘ਤੇ
ਕਾਟਾ ਮਾਰ ਦੇਣਗੇ
ਤੇ ਪ੍ਰਸ਼ਨ ਕਰ ਦੇਣਗੇ ਮੂਰਤਾਂ ਨੂੰ
ਉਦੋਂ ਇਹ ਪਥਰੀਲੇ ਮਾਨਵ ਤੜਪ ਉਠਣਗੇ
ਆਪਣੇ ਡੀ. ਐੱਨ. ਏ ਦਾ
ਨਵਾਂ ਕਲਰ ਬਦਲਣ ਲਈ
ਅਜੈ ਅਬਲੋਵਾਲ
98553-83873