ਦੋ ਨਾਨੀਆਂ

(ਸਮਾਜ ਵੀਕਲੀ)

ਨਿੱਕੇ ਹੁੰਦਿਆਂ ਬੇਬੇ ਨੇ ਜਦੋਂ ਘਰ ਆਉਣਾ ਤਾਂ ਮਾਂ ਨੇ ਕਹਿਣਾ ਇਹ ਵੀ ਤੁਹਾਡੀ ਨਾਨੀ ਹੈ ।ਅਸੀਂ ਸਾਰਿਆਂ ਨੇ ਨਾਨੀ ਨੂੰ ਬੇਬੇ ਕਹਿ ਕੇ ਬੁਲਾਉਣਾ। ਬੇਬੇ ਦੋ ਚਾਰ ਦਿਨ ਸਾਡੇ ਘਰ ਰਹਿ ਕੇ ਜਾਂਦੀ। ਜਦੋਂ ਸਕੂਲੋਂ ਛੁੱਟੀਆਂ ਹੁੰਦੀਆਂ ਤਾਂ ਅਸੀਂ ਵੀ ਬੇਬੇ ਦੇ ਪਿੰਡ ਛੁੱਟੀਆਂ ਕੱਟ ਕੇ ਆਉਂਦੇ। ਮਾਮੇ ਹੁਰਾਂ ਨਾਲ ਖੇਤ ਚਲੇ ਜਾਣਾ ,ਖਾਲੇ ਟੱਪਣੇ, ਟਿਊਬਵੈੱਲ ਤੇ ਪਾਣੀ ਨਾਲ ਹੱਥ ਮੂੰਹ ਧੋਣਾ, ਭਾਵੇਂ ਇਹ ਸਭ ਬੀਤੇ ਸਮੇਂ ਦੀਆਂ ਗੱਲਾਂ ਹਨ ਪਰ ਜਦੋਂ  ਮਨ ਦੀ ਕਿਤਾਬ ਖੁਲਦੀ ਹੈ ਤਾਂ ਇਸ ਅਧਿਆਏ ਨੂੰ ਪੜ੍ਹਨ ਬੈਠ ਜਾਂਦੀ ਹਾਂ। ਨਿੱਕੇ ਹੁੰਦਿਆਂ ਤਾਂ ਮਨ ਨੂੰ ਇੰਨਾ ਪਤਾ ਸੀ ਕਿ ਸਾਡੇ ਨਾਨਕੇ ਦੋ ਜਗ੍ਹਾ ਹਨ। ਮਾਂ ਬੇਬੇ ਨੂੰ ਮਾਸੀ ਕਹਿ ਕੇ ਬੁਲਾਉਂਦੀ ਸੀ।

ਮਾਂ ਤੋਂ ਪਤਾ ਲੱਗਿਆ ਕਿ ਸੰਨ 1947 ਵੇਲੇ ਪਾਕਿਸਤਾਨ ਤੋਂ ਉਜੜ ਕੇ ਆਇਆ ਇਹ ਪਰਿਵਾਰ ਨਾਨੀ ਦੇ ਘਰ ਕੋਲ ਹੀ ਰਹਿਣ ਲੱਗਿਆ ਸੀ। ਨਾਨੀ ਦੇ ਘਰ ਨਲਕਾ ਲੱਗਿਆ ਹੋਣ ਕਰਕੇ  ਸਾਰੇ ਪਾਣੀ ਇੱਥੋਂ ਹੀ ਭਰਨ ਆਉਂਦੇ।ਆਉਣ ਜਾਣ ਨਾਲ ਮੇਰੇ ਨਾਨਕਿਆਂ ਦਾ ਪਿਆਰ ਇਸ ਪਰਿਵਾਰ ਨਾਲ ਕਾਫੀ ਵਧ ਗਿਆ। ਦੋਹਾਂ ਪਰਿਵਾਰਾਂ ਦੀ ਨੇੜਤਾ ਇਤਨੀ  ਵੱਧ ਗਈ ਕਿ ਚੀਜਾਂ ਦਾ ਲੈਣ ਦੇਣ ਹੋਣ ਲੱਗ ਗਿਆ। ਮੇਰੀ ਨਾਨੀ ਨੇ  ਬੇਬੇ ਨੂੰ ਆਪਣੀ ਧਰਮ ਭੈਣ ਬਣਾ ਲਿਆ ਤੇ ਚੁੰਨੀਆਂ ਵਟਾ ਕੇ ਇਸ ਲਿਹਾਜ਼ ਨੂੰ ਰਿਸ਼ਤੇ ‘ਚ ਬਦਲ ਦਿੱਤਾ।

ਮਾਂ ਹੁਰੀ ਬੇਬੇ ਨੂੰ ਮਾਸੀ ਕਹਿ ਕੇ ਬੁਲਾਉਂਦੇ ਸੀ।ਭਾਵੇਂ ਅੱਜ ਇਹ ਦਾਇਰਾ ਫਰੈਂਡ ਸ਼ਬਦ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਤੇ ਅਸਲੀ ਰਿਸ਼ਤੇ ਵੀ ਤਿੜਕਦੇ ਜਾ ਰਹੇ ਹਨ।ਰਿਸ਼ਤਿਆਂ ‘ਚੋਂ ਮੋਹ ਵੀ ਮਨਫ਼ੀ ਹੁੰਦਾ ਜਾ ਰਿਹਾ ਹੈ ਪਰ ਇਹ ਭਲੇ ਸਮਿਆਂ ਦੀ ਗੱਲ ਹੈ ਜਦੋਂ ਲੋਕ ਸੱਭਿਅਕ ਸਨ, ਆਪਸੀ ਪਿਆਰ, ਮੇਲ ਜੋਲ ਸਾਦਾ ਜੀਵਨ, ਸਾਦਾ ਖਾਣਾ ਪੀਣਾ ,ਦੁੱਖ- ਸੁੱਖ ਵੇਲੇ ਇਕੱਠੇ ਹੋਣਾ ,ਆਪਸੀ ਸਾਂਝ ਇਹ ਸਭ ਮਜ਼ਹਬਾਂ ਤੋਂ ਉੱਪਰ ਉੱਠ ਕੇ ਹੁੰਦਾ ਸੀ।

ਵਖਤ ਨੇ ਕਰਵਟ ਲਈ ਤੇ ਬੇਬੇ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਜ਼ਮੀਨ ਅਲਾਟ ਹੋ ਹੋਈ। ਮੇਰੇ ਨਾਨਕੇ ਪਿੰਡ ਤੋਂ ਬਹੁਤ ਦੂਰ।ਨਾ ਪਿੰਡ ਦਾ ਅਤਾ ਪਤਾ। ਬੇਬੇ ਦੇ ਪੂਰੇ ਪਰਿਵਾਰ ਨੇ ਉਥੇ ਸ਼ਿਰਕਤ ਕੀਤੀ। ਜਾਣ ਤੋਂ ਪਹਿਲਾਂ ਦੋਵੇਂ ਭੈਣਾਂ  ਮਿਲ ਕੇ ਭੁੱਬਾਂ ਮਾਰ ਮਾਰ  ਰੋਈਆਂ। ਵਿਛੜਨ ਦਾ ਦਰਦ ਹੰਝੂਆਂ ਦਾ ਨੀਰ ਬਣ ਕੇ ਵਹਿਣ ਲੱਗਾ। ਮਜ਼ਹਬਾਂ ਤੋਂ ਉੱਪਰ ਉੱਠ ਕੇ ਬਣੇ ਇਸ ਰਿਸ਼ਤੇ ਨੂੰ ਜ਼ਮੀਨਾਂ ਦੀ ਵੰਡ ਨੇ ਆਪਣੇ ਕਲਾਵੇ ਵਿੱਚ ਲਿਆ ਅਤੇ ਸ਼ਰਨਾਰਥੀ ਬਣ ਕੇ ਆਇਆ ਇਹ ਪਰਿਵਾਰ47 ਦੇ ਦਿੱਤੇ ਦਰਦ ਦੀ ਕਸੀਸ ਵੱਟਦਿਆਂ ਨਾਨੀ ਦੇ ਪਰਿਵਾਰ ਤੋਂ ਵਿਛੜਨ ਦਾ ਦਰਦ ਲੈ ਕੇ ਉਸ ਪਿੰਡ ਚੋਂ ਰਵਾਨਾ ਹੋ ਗਿਆ ।ਉਨੀ ਦਿਨੀਂ ਨਾ ਕੋਈ ਸੁੱਖ ਸੁਵਿਧਾ ,ਨਾ ਫੋਨ ਤੇ ਉਪਰੋ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਾਰਨ ਦੋਹਾਂ ਪਰਿਵਾਰਾਂ ਦਾ ਆਪਸੀ ਰਾਬਤਾ ਨਾ ਰਿਹਾ ਤੇ ਨਾ ਹੀ ਨਾਨੀ ਦੇ ਪਰਿਵਾਰ ਨੂੰ ਉਨ੍ਹਾਂ ਦੇ ਥਹੁ ਟਿਕਾਣੇ ਦੀ ਕੋਈ ਖਬਰ ਸਾਰ ਰਹੀ ।

ਵਖਤ ਬੀਤਦਾ ਗਿਆ…

ਮਾਂ ਉਨ੍ਹੀਂ ਦਿਨੀਂ ਪੰਜ ਛੇ ਵਰ੍ਹਿਆਂ ਦੀ ਸੀ।ਉਹ ਨਾਨੀ ਦੇ ਮੂੰਹੋਂ ਉਸ ਪਰਿਵਾਰ ਦੀ ਸਿਫ਼ਤ ਸਲਾਹ ਸੁਣਾਉਂਦੀ ਰਹਿੰਦੀ।ਉਸ ਪਰਿਵਾਰ ਤੋਂ ਵਿਛੜਿਆਂ ਨਾਨੀ ਹੁਰਾਂ ਨੂੰ ਅਠਾਰਾਂ ਵੀਹ ਸਾਲ ਲੰਘ ਗਏ ਪਰ ਨਾਨੀ ਆਪਣੀ ਧਰਮ ਦੀ ਭੈਣ ਨੂੰ ਕਦੇ ਨਾ ਭੁੱਲਦੀ ।

ਮਾਂ ਦਾ ਵਿਆਹ ਹੋ ਗਿਆ। ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਾਰਨ ਨਾਨੀ ਨੂੰ ਮਾਂ ਦੇ ਸਹੁਰੇ ਬਹੁਤ ਦੂਰ ਲੱਗਦੇ ਉਹ ਅਕਸਰ ਨਾਨੇ ਨੂੰ ਹਨੌਰੇ ਜਿਹੇ ਮਾਰਦੀ ਰਹਿੰਦੀ ਕਿ “ਕੁੜੀ ਕਿੰਨੀ ਦੂਰ ਰੋਹੀਆਂ ‘ਚ ਸੁੱਟੀ ਜਿੱਥੇ ਛੇਤੀ ਆਇਆ ਜਾਇਆ ਵੀ ਨਹੀਂ ਜਾਂਦਾ, ਨਾਨਾ ਸੁਣ ਕੇ ਚੁੱਪ ਕਰ ਜਾਂਦਾ ”

ਨਾਨਾ ਕਿਹਾ ਕਰਦਾ  ਜਿੱਥੇ ਸੰਯੋਗ ਸੀ ਹੋ ਗਿਆ ਕਹਿ ਕੇ ਨਾਨੀ ਨੂੰ ਦਿਲਾਸਾ ਦਿੰਦਾ ਰਹਿੰਦਾ।

ਮਾਂ ਮੁਤਾਬਕ ਮੇਰੇ ਦਾਦਕਿਆਂ ਦਾ ਸਾਂਝਾ ਪਰਿਵਾਰ ਸੀ ।ਮਾਂ ਤੇ ਤਾਈ ਰਲ ਮਿਲ ਕੇ ਰਹਿੰਦੀਆਂ ਸਨ।

ਅਚਾਨਕ ਇੱਕ ਦਿਨ ਨਾਨੀ ਦੋ ਚਾਰ ਦਿਨਾਂ ਲਈ ਆਪਣੀ ਧੀ(ਮਾਂ) ਕੋਲ  ਆ ਗਈ ।ਅਗਲੇ ਦਿਨ ਮੇਰੀ ਤਾਈ ਮੇਰੀ ਨਾਨੀ ਨੂੰ ਨਾਲ ਲੈ ਕੇ ਘਰ ਦਾ ਰਾਸ਼ਨ ਪਾਣੀ ਲੈਣ ਬਾਜ਼ਾਰ ਚਲੀ ਗਈ। ਮਾਵਾਂ ਧੀਆਂ ਵਾਂਗ ਗੱਲਾਂ ਕਰਦਿਆਂ ਦੋਵੇਂ ਪੰਸਾਰੀ ਦੀ ਦੁਕਾਨ ਤੇ ਪਹੁੰਚ ਗਈਆਂ।ਨਾਨੀ ਨੂੰ ਮੇਜ਼ ਤੇ ਬਿਠਾ ਕੇ ਤਾਈ ਸਾਮਾਨ ਲੈਣ ਲੱਗ ਪਈ। ਨਾਨੀ ਬੈਠੀ ਦੁਕਾਨ ਤੇ ਬਾਹਰ ਸੜਕ ਵੱਲ ਆਉਂਦੇ ਜਾਂਦੇ ਰਾਹੀਆਂ ਨੂੰ ਵੇਖਣ ਲੱਗੀ।ਅਚਨਚੇਤ ਨਾਨੀ ਦੀ ਨਜ਼ਰ ਉਸ ਦੀ ਧਰਮ ਦੀ ਭੈਣ ਤੇ ਪੈ ਗਈ। ਨਾਨੀ ਉੱਠ ਕੇ ਉਸ ਨੂੰ ਆਵਾਜ਼ਾਂ ਮਾਰਦੀ ਮਗਰ ਭੱਜੀ ਤੇ ਉਸ ਨੂੰ ਚਿੰਬੜ ਗਈ ।

ਉਹ ਵੀ ਆਪਣੇ ਪੁੱਤਰ ਨਾਲ ਲਾਗਲੇ ਪਿੰਡ ਤੋਂ  ਸ਼ਹਿਰ ਖਰੀਦਦਾਰੀ ਕਰਨ ਲਈ ਆਈ ਸੀ ।

ਦੋਵੇਂ ਭੈਣਾਂ ਇੱਕ ਦੂਜੇ ਦੇ ਚਿਹਰੇ ਨਿਹਾਰਨ ਲੱਗੀਆਂ ਤੇ ਗਲ ਲੱਗ ਕੇ ਬਹੁਤ ਰੋਈਆਂ ।

ਤਾਈਂ ਵੀ ਇਹ ਸਭ ਵੇਖ ਕੇ ਨਾਨੀ ਦੇ ਮਗਰ ਆ ਗਈ ।

ਗੱਲਾਂ ਬਾਤਾਂ ਕਰਦਿਆਂ ਭੈਣਾਂ, ਮਾਂ ਦੇ ਘਰ ਆ ਗਈਆਂ ।ਇਸ ਮਿਲਣੀ ਨੇ ਵਿਛੁੜੇ ਹੋਏ ਰਿਸ਼ਤੇ ਫਿਰ ਤੋਂ ਮਿਲਾ ਦਿੱਤੇ। ਰਿਸ਼ਤੇ ਦੀ ਢਿੱਲੀ ਹੋਈ ਤੰਦ ਫਿਰ ਤੋਂ ਮਜ਼ਬੂਤ ਹੋ ਗਈ। ਨਾਨੀ ਨੇ ਮੇਰੀ ਮਾਂ ਦਾ ਹੱਥ ਆਪਣੀ ਭੈਣ ਦੇ ਹੱਥ ਫੜਾਉਂਦਿਆਂ ਕਿਹਾ ਲੈ ਭੈਣੇ ਅਸੀਂ ਤਾਂ ਬਹੁਤ ਦੂਰ ਹਾਂ ,ਹੁਣ ਇਸਦੇ ਪੇਕੇ ਤੁਸੀਂ ਹੋ ਤੁਸੀਂ ਹੀ ਇਸ ਦੇ ਸਿਰ ਤੇ ਹੱਥ ਰੱਖਣਾ ।ਨਾਨੀ ਦੀ ਭੈਣ ਨੇ ਇਨ੍ਹਾਂ ਬੋਲਾਂ ਨੂੰ ਸਮਝੋ ਚੁੰਨੀ ਦੇ ਪੱਲੇ ਨਾਲ ਘੁੱਟ ਕੇ ਬੰਨ੍ਹ ਲਿਆ।

ਮਾਂ ਦੇ ਪੇਕੇ ਨੇੜੇ ਬਣ ਗਏ ।ਇਸ ਰਿਸ਼ਤੇ ਦੀ ਸੁਗੰਧੀ ਬਿਖਰਦੀ ਰਹੀ। ਟੁੱਟਿਆ ਹੋਇਆ ਰਿਸ਼ਤਾ ਫਿਰ ਤੋਂ ਹਰਿਆ ਭਰਿਆ ਹੋ ਗਿਆ ।ਹਰ ਖ਼ੁਸ਼ੀ ਗ਼ਮੀ ਮਾਮੇ ਮਾਮੀਆਂ ਨੇ ਆਉਂਦੇ ਰਹਿਣਾ ਤੇ ਮਾਂ ਵੀ ਉਨ੍ਹਾਂ ਦਾ ਪੇਕਿਆਂ ਜਿੰਨਾ ਸਤਿਕਾਰ ਕਰਦੀ।

ਹਾੜੀ, ਸਾਉਣੀ ਮਾਮੇ ਹੁਰਾਂ ਨੇ ਫ਼ਸਲ ਵੇਚ ਕੇ ਸ਼ਹਿਰ ਕੱਪੜੇ ਬਣਾਉਣ ਆਉਣਾ, ਮਾਂ ਨੂੰ ਬਾਜ਼ਾਰ ਲੈ ਕੇ ਜਾਣਾ ਅਤੇ ਮਾਮੀਆਂ ਨੇ ਵੀ ਮਾਂ ਦੀ ਪਸੰਦ ਦੇ ਕੱਪੜੇ ਮਾਂ ਨੂੰ ਬਣਾ ਦੇਣੇ।

ਸਮਾਂ ਆਪਣੀ ਚਾਲ ਚੱਲਦਾ ਰਿਹਾ ਬੇਬੇ ਤਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਤੇ ਮਾਮੇ ਮਾਮੀਆਂ ਨੇ ਇਸ ਰਿਸ਼ਤੇ ਦੀ ਗੰਢ ਨੂੰ ਹੋਰ ਪੀਢ੍ਹੀ ਕਰਕੇ  ਆਪਣੇ ਬੱਚਿਆਂ ਦੇ ਹੱਥ ਦੇ ਦਿੱਤਾ। ਅੱਜ ਮਾਮੇ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਤੀਜੀ ਪੀੜ੍ਹੀ ਦੀ ਮੇਰੇ ਵੀਰ ਨਾਲ ਭਾਈਚਾਰਕ ਸਾਂਝ ਬਣੀ ਹੋਈ ਹੈ।

ਛੋਟੇ ਹੁੰਦਿਆਂ ਇਹ ਧਰਮ ਦਾ ਭਰਾ ਹੈ, ਇਹ ਧਰਮ ਦੀ ਭੈਣ ਹੈ ,ਵਰਗੇ ਸ਼ਬਦ ਸੁਣਦੇ ਹੁੰਦੇ ਸੀ ਪਰ ਇਸ ਧਰਮ ਦੇ ਅਰਥ ਸਮਝਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਪਰ ਕੁਝ ਗੱਲਾਂ ਵਖਤ ਨਾਲ ਸਮਝ ਆਉਂਦੀਆਂ ਨੇ। ਲਾਲਚ ਤੇ ਸੁਆਰਥ ਤੋਂ ਉੱਪਰ ਉੱਠ ਕੇ ਨਿਭਾਏ ਜਾਂਦੇ ਰਿਸ਼ਤੇ ਹੀ ਧਰਮ ਦੇ ਰਿਸ਼ਤੇ ਅਖਵਾਉਂਦੇ  ਨੇ ਪਰੰਤੂ ਅਜੋਕੇ  ਪਦਾਰਥਵਾਦੀ ਯੁੱਗ ਵਿੱਚ ਇਸ ਦੀ ਘਾਟ ਰੜਕਦੀ ਹੈ।

ਗੁਰਜੀਤ ਕੌਰ ਮੋਗਾ
[email protected]

Previous articleDefence Ministry celebrates 20th Raising Day of Integrated Defence Staff
Next articleOpposition must unite and act to provide an alternative