ਟਰੰਪ-ਬਾਇਡਨ ਬਹਿਸ ਦੇ ਸਿੱਟਿਆਂ ’ਤੇ ਵੰਡੇ ਗਏ ਭਾਰਤੀ-ਅਮਰੀਕੀ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਡੈਮੋਕਰੈਟ ਵਿਰੋਧੀ ਜੋਅ ਬਾਇਡਨ ਵਿਚਾਲੇ ਪਹਿਲੀ ਬਹਿਸ ਦੇ ਭਾਰਤੀ-ਅਮਰੀਕੀ ਭਾਈਚਾਰਾ ਵੱਖ-ਵੱਖ ਸਿੱਟੇ ਕੱਢ ਰਿਹਾ ਹੈ ਤੇ ਵੰਡਿਆ ਗਿਆ ਹੈ। ਟਰੰਪ ਦੇ ਹਮਾਇਤੀ ਕਹਿ ਰਹੇ ਹਨ ਕਿ ਉਨ੍ਹਾਂ ‘ਲੋਕਾਂ ਨੂੰ ਜਿੱਤ ਲਿਆ ਹੈ।’ ਜਦਕਿ ਬਾਇਡਨ ਹਮਾਇਤੀ ਕਹਿ ਰਹੇ ਹਨ ਕਿ ਡੈਮੋਕਰੈਟ ਉਮੀਦਵਾਰ ਨੇ ਸਫ਼ਲਤਾ ਨਾਲ ਖ਼ੁਦ ਨੂੰ ਬਿਆਨ ਕਰ ਦਿੱਤਾ ਹੈ ਕਿ ਕਿਉਂ ਉਹ ਅਗਲੇ ਚਾਰ ਸਾਲ ਲਈ ਵਾਈਟ ਹਾਊਸ ਵਿਚ ਬੈਠਣ ਦੇ ਹੱਕਦਾਰ ਹਨ।

ਭਾਰਤੀ ਅਮਰੀਕੀ ਅਟਾਰਨੀ ਹਰਮੀਤ ਕੇ. ਢਿੱਲੋਂ ਨੇ ਬਹਿਸ ਕਰਵਾਉਣ ਵਾਲੇ ਫੌਕਸ ਨਿਊਜ਼ ਦੇ ਕ੍ਰਿਸ ਵੈਲੈਸ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੌਰਾਨ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਲਈ ਕਿਸੇ ਨੂੰ ਨਾਮਜ਼ਦ ਕਰਨ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ। ਜਦਕਿ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦੇ ਵਿਰੋਧੀ ਡੈਮੋਕਰੈਟ ਉਮੀਦਵਾਰ ਜੋਅ ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਤਿੰਨ ਨਵੰਬਰ ਦੀਆਂ ਚੋਣਾਂ ਦੇ ਜੇਤੂ ਨੂੰ ਇਹ ਕਰਨਾ ਚਾਹੀਦਾ ਹੈ।

ਟਰੰਪ ਤੇ ਬਾਇਡਨ ਵਿਚਾਲੇ ਅੱਜ ਆਹਮੋ-ਸਾਹਮਣੇ ਪਹਿਲੀ ਬਹਿਸ ਹੋਈ। ਕਲੀਵਲੈਂਡ, ਓਹਾਈਓ ਵਿਚ ਤਿੱਖੀ ਬਹਿਸ ਦੌਰਾਨ ਕੋਵਿਡ, ਨਸਲਵਾਦ, ਅਰਥਚਾਰੇ ਤੇ ਜਲਵਾਯੂ ਤਬਦੀਲੀ ਦੇ ਮੁੱਦੇ ਵੀ ਉੱਭਰੇ। ਬਾਇਡਨ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਨਾਮਜ਼ਦਗੀ ਵਿਚ ਅਮਰੀਕੀ ਲੋਕਾਂ ਦੀ ਸਲਾਹ ਵੀ ਸ਼ਾਮਲ ਹੋਣੀ ਚਾਹੀਦੀ ਹੈ। ਇਹ ਉਦੋਂ ਹੋਵੇਗੀ ਜਦ ਉਹ ਸੈਨੇਟਰਾਂ ਤੇ ਰਾਸ਼ਟਰਪਤੀ ਲਈ ਵੋਟ ਪਾਉਣਗੇ। ਬਾਇਡਨ ਨੇ ਕਿਹਾ ਕਿ ਇਸ ਵੇਲੇ ਅਸੀਂ ਚੋਣਾਂ ਦੇ ਵਿਚਾਲੇ ਹਾਂ। ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ।

Previous articleਹਾਥਰਸ ਕਾਂਡ ਖ਼ਿਲਾਫ਼ ਬੁੱਧੀਜੀਵੀਆਂ ਤੇ ਜਥੇਬੰਦੀਆਂ ਵੱਲੋਂ ਮੋਮਬੱਤੀ ਮਾਰਚ
Next articleEx-Trump campaign manager steps down as senior adviser