ਫ਼ਰੀਦਕੋਟ (ਸਮਾਜ ਵੀਕਲੀ): ਬਹਿਬਲ ਗੋਲੀ ਕਾਂਡ ’ਚ ਕੁਝ ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਟੀਮ ਮੈਂਬਰ ਕੰੁਵਰ ਵਿਜੈ ਪ੍ਰਤਾਪ ਸਿੰਘ ਖ਼ਿਲਾਫ਼ ਪੱਖਪਾਤ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਜਾਂਚ ਪ੍ਰਕਿਰਿਆ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਨਮੋਲ ਰਤਨ ਸਿੰਘ ਨੇ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਗੁਰਦੀਪ ਪੰਧੇਰ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਵਿਸ਼ੇਸ਼ ਜਾਂਚ ਟੀਮ ਨੂੰ ਆਦੇਸ਼ ਦਿੱਤੇ ਹਨ ਕਿ 3 ਅਕਤੂਬਰ ਤੱਕ ਬਹਿਬਲ ਗੋਲੀ ਕਾਂਡ ’ਚ ਕੋਈ ਵੀ ਹੋਰ ਦੋਸ਼ ਪੱਤਰ ਅਦਾਲਤ ’ਚ ਪੇਸ਼ ਨਾ ਕੀਤਾ ਜਾਵੇ।
ਅਦਾਲਤ ਨੇ ਨਾਲ ਹੀ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਕੀ ਵਿਸ਼ੇਸ਼ ਜਾਂਚ ਟੀਮ ਵਿੱਚੋਂ ਆਈਜੀ ਕੰੁਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਇਆ ਜਾ ਸਕਦਾ ਹੈ ਜਾਂ ਨਹੀਂ? ਗੁਰਦੀਪ ਸਿੰਘ ਪੰਧੇਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰਐੱਸ ਚੀਮਾ ਨੇ ਬਹਿਸ ਦੌਰਾਨ ਅਦਾਲਤ ਨੂੰ ਦੱਸਿਆ ਕਿ ਆਈਜੀ ਕੰੁਵਰ ਵਿਜੈ ਪ੍ਰਤਾਪ ਸਿੰਘ ਕਥਿਤ ਤੌਰ ’ਤੇ ਪੜਤਾਲ ’ਚ ਪੱਖਪਾਤੀ ਰਵੱਈਆ ਅਪਣਾ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ ’ਤੇ ਵੀ ਅਗਲੀ ਸੁਣਵਾਈ 3 ਅਕਤੂਬਰ ਨੂੰ ਕਰੇਗੀ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਨ ਪੀ ਰਾਵਲ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਟੀਮ ਦੇ ਕਿਸੇ ਮੈਂਬਰ ਨੂੰ ਬਦਲਣ ਬਾਰੇ ਉਸ ਦੀ ਸਰਕਾਰ ਨਾਲ ਅਜੇ ਤੱਕ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ 3 ਅਕਤੂਬਰ ਤੱਕ ਇਸ ਮਾਮਲੇ ’ਤੇ ਸਰਕਾਰ ਦਾ ਪੱਖ ਅਦਾਲਤ ਸਾਹਮਣੇ ਰੱਖਣਗੇ।