ਜ਼ਿਲਾ ਪ੍ਰਸ਼ਾਸਨ ਨਾਲਾਇਕ ਅਤੇ ਲਾਪਰਵਾਹ ਈ.ਓ ਨੂੰ ਤੁਰੰਤ ਮੁਅੱਤਲ ਕਰੇ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : 47 ਦਿਨ ਬੀਤ ਜਾਣ ਦੇ ਬਾਵਜੂਦ ਵੀ ਨੂਰਮਹਿਲ ਦੇ ਧਾਰਮਿਕ ਅਸਥਾਨ ਮੀਆਂ ਸ਼ਾਹ ਫ਼ਤਹਿ ਅਲੀ ਅਤੇ ਗੁਰਦੁਆਰਾ ਸ਼੍ਰੀ 7ਵੀਂ ਪਾਤਸ਼ਾਹੀ ਦੇ ਬਾਹਰ ਪ੍ਰਮੁੱਖ ਸੜਕ ਵਿਚਕਾਰ ਪਏ ਟੋਏ ਅਤੇ ਛੱਪੜ ਬਣ ਚੁੱਕੀ ਸੜਕ ਨੂੰ ਠੀਕ ਕਰਨ ਵਿੱਚ ਅਸਫ਼ਲ ਰਹਿਣ ਦੇ ਰੋਸ ਵਜੋਂ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਈ.ਓ ਨੂਰਮਹਿਲ ਦੀ ਪੁਤਲੇ ਉੱਪਰ ਫ਼ੋਟੋ ਲਗਾਕੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ।
ਉਹਨਾਂ ਨੇ ਦੱਸਿਆ ਕਿ ਨੂਰਮਹਿਲ ਵਿੱਚ ਕਾਰਜ ਸਾਧਕ ਅਫ਼ਸਰ ਤਾਂ ਬਹੁਤ ਆਏ ਪਰ ਇਹੋ ਜਿਹਾ ਨਖੱਟੂ ਅਫ਼ਸਰ ਪਹਿਲੀ ਵਾਰ ਨਗਰ ਕੌਂਸਲ ਨੂੰ ਮਿਲਿਆ ਜਿਸਨੇ ਕੋਈ ਵੀ ਕਾਰਜ ਨਾ ਕਰਨ ਦੀ ਸੌਂਹ ਖਾਧੀ ਹੋਈ ਹੈ। ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ “ਕਾਰਜ ਸਾਧਕ ਅਫ਼ਸਰ” ਨਹੀਂ ਸਗੋਂ “ਕਾਰਜ ਰੁਕਾਵਟ ਅਫ਼ਸਰ” ਹੈ। ਇਸ ਅਫ਼ਸਰ ਦੀ ਅਣਗਹਿਲੀ ਅਤੇ ਲਾਪਰਵਾਹੀ ਕਾਰਣ ਕਾਰਣ ਅਨੇਕਾਂ ਰਾਹਗੀਰ ਹਾਦਸਾ ਗ੍ਰਸਤ ਹੋ ਚੁੱਕੇ ਹਨ ਅਤੇ ਲੋਕ ਤਰਾਹੀਮਾਮ-ਤਰਾਹੀਮਾਮ ਕਰ ਰਹੇ ਹਨ ਪਰ ਇਸ ਨਲਾਇਕ ਅਫ਼ਸਰ ਪਾਸ ਸਮਾਂ ਹੀ ਨਹੀਂ ਕਿ ਕੋਈ ਵਿਕਾਸ ਦਾ ਕਾਰਜ ਕਰ ਸਕੇ ਚਾਹੇ ਉਹ ਮਸਲਾ ਅਤਿ ਗੰਭੀਰ ਹੀ ਕਿਉਂ ਨਾ ਹੋਵੇ।
ਧਾਰਮਿਕ ਅਸਥਾਨ ਤੇ ਮੱਥਾ ਟੇਕਣ ਆਏ ਲੋਕਾਂ ਨੇ ਦੱਸਿਆ ਕਿ ਅਸੀਂ ਬੜੀ ਸ਼ਰਧਾ-ਭਾਵ ਨਾਲ ਮੱਥਾ ਟੇਕਣ ਵਾਸਤੇ ਆਉਂਦੇ ਹਾਂ ਪਰ ਸੜਕ ਵਿਚਕਾਰ ਸੀਵਰੇਜ ਦੇ ਗੰਦੇ ਪਾਣੀ ਦੇ ਵਹਾਵ ਕਾਰਣ ਅਸੀਂ ਮਰਿਯਾਦਾ ਰੱਖਣ ਵਿੱਚ ਵੀ ਅਸਮਰੱਥ ਹੋ ਜਾਂਦੇ ਹਾਂ। ਗੰਦੇ ਪਾਣੀ ਦੀ ਬੋਅ ਦੋਨਾਂ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨੂੰ ਲਗਾਤਾਰ ਭੰਗ ਕਰ ਰਹੀ ਹੈ। ਜ਼ਿਲਾ ਪ੍ਰਧਾਨ ਨੇ ਡੀ.ਸੀ ਜਲੰਧਰ ਪਾਸ ਮੰਗ ਕੀਤੀ ਹੈ ਕਿ ਉਹ ਇਸ ਅਫ਼ਸਰ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਸ ਅਫ਼ਸਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰੇ ਤਾਂ ਹੀ ਹੁਣ ਤੱਕ ਹਾਦਸਾ ਗ੍ਰਸਤ ਹੋ ਚੁੱਕੇ ਲੋਕਾਂ ਦੇ ਮਨਾ ਨੂੰ ਠੰਡਕ ਮਿਲ ਸਕਦੀ ਹੈ।
ਦੱਸ ਦੇਈਏ ਕਿ ਜੋ ਇਹ ਸੜਕ ਟੁੱਟ ਚੁੱਕੀ ਹੈ ਨੂਰਮਹਿਲ ਦੀ ਇੱਕ ਪ੍ਰਮੁੱਖ ਸੜਕ ਹੈ ਜੋ ਨਗਰ ਕੌਂਸਲ ਦੀ ਲਾਪਰਵਾਹੀ ਦੇ ਚਲਦਿਆਂ ਇੱਕ ਪ੍ਰਮੁੱਖ ਖੂਨੀ ਸੜਕ ਬਣ ਚੁੱਕੀ ਹੈ। ਇਸ ਸੜਕ ਵਾਰੇ ਪੂਰਾ ਜ਼ਿਲਾ ਪ੍ਰਸ਼ਾਸਨ ਪੂਰੀ ਤਰਾਂ ਜਾਣੂੰ ਹੈ। ਅਖਵਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਵੀ ਇਸ ਲੋਕ ਮਸਲੇ ਉੱਪਰ ਕਿਸੇ ਵੀ ਉੱਚ ਅਧਿਕਾਰੀ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਦੋਂ ਕਿ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਰਹੇ ਹਨ, ਆਪਣੇ ਵਾਹਨਾਂ ਦਾ ਨੁਕਸਾਨ ਕਰਵਾ ਰਹੇ ਹਨ।
ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਕੋਵਿਡ-19 ਨੂੰ ਮੱਦੇਨਜ਼ਰ ਰੱਖਦਿਆਂ ਬਿਨਾਂ ਕਿਸੇ ਇਕੱਠ ਦੇ ਈ.ਓ. ਰਣਦੀਪ ਸਿੰਘ ਵੜੈਚ ਦੀ ਪੁਤਲੇ ਉੱਪਰ ਫੋਟੋ ਲਗਾਕੇ ਈ.ਓ. ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਇਸ ਮੌਕੇ ਨੂਰਮਹਿਲ ਦੇ ਇਲਾਕੇ ਤੋੰ ਮੱਥਾ ਟੇਕਣ ਆਈਆਂ ਸੰਗਤਾਂ ਨੇ ਅਸ਼ੋਕ ਸੰਧੂ ਦਾ ਧੰਨਵਾਦ ਕਰਦੇ ਹੋਏ ਅਸ਼ੀਰਵਾਦ ਦਿੱਤਾ ਕਿ ਉਹ ਲੋਕ ਮਸਲਿਆਂ ਨੂੰ ਉਭਾਰਦੇ ਰਹਿਣ ਅਤੇ ਲੋਕਾਂ ਦੇ ਦੁੱਖ ਦਰਦ ਦੂਰ ਸੰਵਾਰਦੇ ਰਹਿਣ।