ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ’ਚ ਰਹਿੰਦੇ ਸਿੱਖ ਭਾਈਚਾਰੇ ਲੋਕਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਪਹਿਲੀ ਵਾਰ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ। ਕਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤੀ ਸ਼ਰਧਾਲੂ ਇਸ ਸਮਾਗਮ ’ਚ ਸ਼ਾਮਲ ਨਹੀਂ ਹੋ ਸਕਣਗੇ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ), ਜੋ ਕਿ ਦੇਸ਼ ਵਿੱਚ ਘੱਟ ਗਿਣਤੀਆ ਦੇ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਹੈ, ਦੇ ਤਰਜਮਾਨ ਆਮਿਰ ਹਾਸ਼ਮੀ ਨੇ ਦੱਸਿਆ ਕਿ ਪਾਕਿਸਤਾਨ ਸਿੱਖ, ਜਿਨ੍ਹਾਂ ਵਿੱਚੋਂ ਬਹੁਤੇ ਸਿੰਧ ਅਤੇ ਖ਼ੈਬਰ ਪਖਤੂਨਖਵਾ ਸੂਬੇ ਨਾਲ ਸਬੰਧਤ ਹਨ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਦਿਹਾੜੇ ਸਬੰਧੀ ਤਿੰਨ ਦਿਨਾ ਸਮਾਗਮ ’ਚ ਸ਼ਾਮਲ ਹੋ ਰਹੇ ਹਨ। ਸਮਾਗਮ ਐਤਵਾਰ ਤੋਂ ਸ਼ੁਰੂ ਹੋਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਬਚਾਅ ਦੀਆਂ ਹਦਾਇਤਾਂ ਕਾਰਨ ਸਰਹੱਦ ਪਾਰੋਂ ਕੋਈ ਵੀ ਸਿੱਖ ਸਮਾਗਮ ’ਚ ਸ਼ਾਮਲ ਹੋਣ ਨਹੀਂ ਆਇਆ। ਇਹ ਪਹਿਲੀ ਵਾਰ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ’ਚ ਗੁਰੂ ਨਾਨਕ ਦੇਵ ਦਾ ਜੋਤੀ ਜੋਤ ਦਿਹਾੜਾ ਮਨਾਇਆ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਭਾਰਤ ਨੇ ਰਸਮੀ ਤੌਰ ’ਤੇ ਸਿੱਖ ਸ਼ਰਧਾਲੂਆਂ ਸਮਾਗਮਾਂ ’ਚ ਸ਼ਾਮਲ ਹੋਣ ਲਈ ਆਖਿਆ ਸੀ ਪਰ ਕਰੋਨਾਵਾਇਰਸ ਕਾਰਨ ਨਵੀਂ ਦਿੱਲੀ ਤੋਂ ਵੱਖਰੇ ਤੌਰ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਵੀ ਭਾਰਤ ਸਰਕਾਰ ਕੋਲ ਸਿੱਖ ਨੂੰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੀ ਯਾਤਰਾ ਦੀ ਇਜ਼ਾਜਤ ਦੇਣ ਦੀ ਮੰਗ ਕਰ ਚੁੱਕੀ ਹੈ। ਕਰੋਨਾ ਲਾਗ ਦੇ ਚੱਲਦਿਆਂ ਤਿੰਨ ਮਹੀਨੇ ਬੰਦ ਰਹਿਣ ਮਗਰੋਂ ਪਾਕਿਸਤਾਨ ਨੇ 29 ਜੂਨ ਇਤਿਹਾਸਕ ਕਰਤਾਰਪੁਰ ਲਾਂਘਾ 29 ਜੂਨ ਨੂੰ ਦੁਬਾਰਾ ਖੋਲ੍ਹਿਆ ਸੀ।