ਲੋਕ ਸਭਾ ਅੱਜ ਅਣਮਿੱਥੇ ਸਮੇਂ ਲਈ ਉਠਾਏ ਜਾਣ ਦੀ ਸੰਭਾਵਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਲੋਕ ਸਭਾ ਦਾ ਮੌਨਸੂਨ ਸੈਸ਼ਨ ਭਲਕੇ ਅਣਮਿੱਥੇ ਸਮੇਂ ਲਈ ਉਠਾਏ ਜਾਣ ਦੀ ਸੰਭਾਵਨਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸੈਸ਼ਨ ਤੈਅ ਮਿਤੀ ਨਾਲੋਂ ਅੱਠ ਦਿਨ ਪਹਿਲਾਂ ਹੀ ਖ਼ਤਮ ਹੋ ਜਾਵੇਗਾ। ਸੂਤਰਾਂ ਮੁਤਾਬਕ ਇਸ ਲਈ ਸੰਸਦ ਮੈਂਬਰਾਂ ਨੂੰ ਕਰੋਨਾਵਾਇਰਸ ਹੋਣ ਦੇ ਖ਼ਤਰੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਹੇਠਲਾ ਸਦਨ ਭਲਕੇ ਦੁਪਹਿਰ ਬਾਅਦ ਤਿੰਨ ਵਜੇ ਜੁੜੇਗਾ ਤੇ ਪੰਜ ਵਜੇ ਇਸ ਨੂੰ ਵਾਧੂ ਸਿਫ਼ਰ ਕਾਲ ਤੋਂ ਬਾਅਦ ਉਠਾਇਆ ਜਾ ਸਕਦਾ ਹੈ।

14 ਸਤੰਬਰ ਨੂੰ ਸ਼ੁਰੂ ਹੋਏ ਸੈਸ਼ਨ ਵਿਚ ਕਈ ਬਿੱਲ ਪਾਸ ਕੀਤੇ ਗਏ ਹਨ। ਕਈ ਅਜਿਹੇ ਹਨ ਜਿਨ੍ਹਾਂ ਹਾਲ ਹੀ ਵਿਚ ਜਾਰੀ ਆਰਡੀਨੈਂਸਾਂ ਦੀ ਥਾਂ ਲਈ ਹੈ। ਸੈਸ਼ਨ ਵਿਚ ਕਟੌਤੀ ਬਾਰੇ ਹੇਠਲੇ ਸਦਨ ਵਿਚ ਪਾਰਟੀਆਂ ਦੇ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤੈਅ ਕੀਤਾ ਗਿਆ ਸੀ ਕਿ ਸੈਸ਼ਨ ਪਹਿਲੀ ਅਕਤੂਬਰ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਕਈ ਸੰਸਦ ਮੈਂਬਰ ਤੇ ਕੁਝ ਮੰਤਰੀ ਪਿਛਲੇ ਦਿਨੀਂ ਕੋਵਿਡ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਰਾਜ ਸਭਾ ’ਚੋਂ ਮੁਅੱਤਲ ਕੀਤੇ ਗਏ ਮੈਂਬਰਾਂ ਦੇ ਹੱਕ ਵਿਚ ਵਿਰੋਧੀ ਧਿਰਾਂ ਸਦਨ ਦਾ ਬਾਈਕਾਟ ਕਰ ਰਹੀਆਂ ਹਨ।

ਇਸੇ ਦੌਰਾਨ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ ਵਿਚ ਲੇਬਰ ਕੋਡ ਬਾਰੇ ਤਿੰਨ ਬਿੱਲਾਂ ’ਤੇ ਵਿਚਾਰ-ਚਰਚਾ ਕੀਤੀ। ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਇਹ ਕਾਮਿਆਂ ਦੀ ਭਲਾਈ ਲਈ ਅਹਿਮ ਬਿੱਲ ਹਨ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰਾਂ ਤੇ ਹੋਰ ਹਿੱਤਧਾਰਕਾਂ ਨਾਲ ਤਾਲਮੇਲ ਤੋਂ ਬਾਅਦ ਹੀ ਪਹਿਲਾਂ ਲਾਗੂ ਕਾਨੂੰਨਾਂ ਵਿਚ ਤਬਦੀਲੀ ਕੀਤੀ ਗਈ ਹੈ। ਇਨ੍ਹਾਂ ਤਹਿਤ ਕਰੀਬ 29 ਲੇਬਰ ਕਾਨੂੰਨਾਂ ਨੂੰ ਚਾਰ ਨੇਮਾਂ ਦੇ ਸੰਗ੍ਰਹਿ (ਕੋਡਜ਼) ਵਿਚ ਬਦਲ ਦਿੱਤਾ ਗਿਆ ਹੈ ਤੇ ਇਕ (ਵੇਜ ਬਿੱਲ) ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਹ ਬਿੱਲ ਕਾਮਿਆਂ ਦੀ ਸੁਰੱਖਿਆ, ਸਿਹਤ, ਕੰਮਕਾਜੀ ਹਾਲਤਾਂ, ਟਰੇਡ ਯੂਨੀਅਨਾਂ, ਝਗੜਿਆਂ ਦੇ ਨਿਪਟਾਰੇ, ਸਮਾਜਿਕ ਸੁਰੱਖਿਆ ਨਾਲ ਜੁੜੇ ਹੋਏ ਹਨ।

Previous articleਸ਼ਰਦ ਪਵਾਰ ਨੂੰ ਆਮਦਨ ਕਰ ਵਿਭਾਗ ਵੱਲੋਂ ਨੋਟਿਸ
Next articleਦਿੱਲੀ ਪੁਲੀਸ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਕੁੱਟੇ