ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸਿੱਖ ਕਾਰਕੁਨਾਂ ਦੇ ਹੱਕ ਵਿੱਚ ਆਏ ਕੁਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਤਕਰਾਰ ਮਗਰੋਂ ਹੋਏ ਝਗੜੇ ਵਿੱਚ ਕੁਝ ਨਿਹੰਗ ਸਿੰਘ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ। ਇਸ ਦੌਰਾਨ ਟਾਸਕ ਫੋਰਸ ਦੇ ਕਰਮਚਾਰੀਆਂ ਵੱਲੋਂ ਮੀਡੀਆ ਕਰਮੀਆਂ ਨਾਲ ਵੀ ਦੁਰਵਿਹਾਰ ਕੀਤਾ ਗਿਆ।
ਲਾਪਤਾ ਸਰੂਪਾਂ ਦੀ ਜਾਂਚ ਰਿਪੋਰਟ ਵਿੱਚ ਦੱਸੇ ਗਏ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਸੋਮਵਾਰ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਸਨ। ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਅੱਜ ਵੀ ਸ਼੍ਰੋਮਣੀ ਕਮੇਟੀ ਅਤੇ ਧਰਨਾਕਾਰੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ ਹੈ।
ਰਾਤ ਵੇਲੇ ਜਦੋਂ ਧਰਨਾਕਾਰੀ ਘੱਟ ਗਿਣਤੀ ਵਿੱਚ ਰਹਿ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਨਿਵਾਸ, ਗੁਰਦੁਆਰਾ ਬਾਬਾ ਅਟਲ ਰਾਏ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੇ ਲੱਗਪਗ 10 ਫੁੱਟ ਉੱਚੀਆਂ ਟੀਨਾਂ ਲਾ ਕੇ ਇੱਧਰ ਆਉਣ ਵਾਲੇ ਰਸਤੇ ਰੋਕ ਦਿੱਤੇ, ਜਿਸ ਨਾਲ ਧਰਨਾਕਾਰੀ ਅਲੱਗ ਥਲੱਗ ਹੋ ਕੇ ਰਹਿ ਗਏ ਹਨ। ਸਵੇਰ ਵੇਲੇ ਜਦੋਂ ਧਰਨਾਕਾਰੀਆਂ ਦੇ ਸਮਰਥਨ ਵਿੱਚ ਕੁਝ ਨਿਹੰਗ ਸਿੰਘ ਪੁੱਜੇ ਤਾਂ ਉਹ ਰਸਤਾ ਬੰਦ ਦੇਖ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨੇ ’ਤੇ ਬੈਠ ਗਏ।
ਇਨ੍ਹਾਂ ਨੇ ਇੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਖ਼ਿਲਾਫ਼ ਕੁਝ ਬੈਨਰ ਵੀ ਲਾਏ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਈ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਪਹਿਲਾਂ ਬੈਨਰ ਇਥੋਂ ਹਟਾਏ, ਜਿਸ ਨਾਲ ਨਿਹੰਗਾਂ ਅਤੇ ਇਨ੍ਹਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਜੋ ਝਗੜੇ ਵਿੱਚ ਬਦਲ ਗਈ। ਇੱਕ ਨਿਹੰਗ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਰੋਕਦਿਆਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਸ ਨਿਹੰਗ ਸਮੇਤ ਹੋਰਨਾਂ ਦੀ ਕੁੱਟਮਾਰ ਕੀਤੀ ਅਤੇ ਕਈਆਂ ਦੀ ਦਸਤਾਰ ਵੀ ਉੱਤਰ ਗਈ। ਇਸ ਕਾਰਵਾਈ ’ਚ ਕੁਝ ਨਿਹੰਗ ਜ਼ਖਮੀ ਵੀ ਹੋਏ ਅਤੇ ਟਾਸਕ ਫੋਰਸ ਨੇ ਉਨ੍ਹਾਂ ਨੂੰ ਭਜਾ ਦਿੱਤਾ।
ਇਸੇ ਦੌਰਾਨ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਖਿੱਚ-ਧੂਹ ਕਰਦਿਆਂ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਧਰਨਾਕਾਰੀਆਂ ਦੇ ਹੋਰ ਵੀ ਸਮਰਥਕ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨਾ ਦੇ ਦਿੱਤਾ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਇੰਜ ਧਰਨਾਕਾਰੀਆਂ ਦੇ ਦੋ ਪਾਸੇ ਧਰਨੇ ਚੱਲ ਰਹੇ ਹਨ। ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕ ਇਨਸਾਫ਼ ਪਾਰਟੀ ਦੇ ਜਗਜੋਤ ਸਿੰਘ ਤੇ ਉਨ੍ਹਾਂ ਦੇ ਸਮਰਥਕ ਵੀ ਪੁੱਜੇ ਸਨ। ਹਵਾਰਾ ਕਮੇਟੀ ਦੇ ਆਗੂਆਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।