ਯੂ. ਕੇ : ਅੱਜ ਤੋਂ ਨਿਯਮ ਨੰ. 6 ਦੀ ਹੋਵੇਗੀ ਸਖਤੀ ਨਾਲ ਪਾਲਣਾ-ਬੋਰਿਸ ਜਾਨਸਨ

(ਸਮਾਜ ਵੀਕਲੀ)

ਲੰਡਨ (ਰਾਜਵੀਰ ਸਮਰਾ) – ਬਰਤਾਨੀਆ ਵਿਚ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜਨਤਾ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸੋਮਵਾਰ ਤੋਂ ਨਿਯਮ ਨੰਬਰ 6 ਦੀ ਸਖਤੀ ਨਾਲ ਪਾਲਣਾ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ “ਰੂਲ ਨੰਬਰ-6” ਤੋਂ ਭਾਵ ਹੈ ਕਿ ਕਿਸੇ ਵੀ ਪ੍ਰਕਾਰ ਦਾ 6 ਤੋਂ ਵੱਧ ਇਕੱਠ ਨਾ ਕਰਨਾ ਹੈ। ਭਾਵੇਂ ਘਰ ਹੋਵੇ ਜਾਂ ਬਾਹਰ ਜਨਤਕ ਸਥਾਨ ਹੋਵੇ ਜਾਂ ਪੱਬ, ਕਿਤੇ ਵੀ ਇਕੱਠ ਨਾ ਕੀਤਾ ਜਾਵੇ ਅਤੇ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ। ਇਹ ਕੰਮ ਪੁਲਿਸ ਫੋਰਸ ਵਲੋਂ ਸਖਤੀ ਨਾਲ ਲਾਗੂ ਕਰਵਾਇਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਹੈ ਕਿ ਇਕੱਠ ਨਾ ਕੀਤਾ ਜਾਵੇ ਪਰ ਅਫਸੋਸ ਕਿ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਰੋਨਾਵਾਇਰਸ ਦੇ ਹਾਵੀ ਹੋਣ ਦੇ ਮੌਕੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕਾਨੂੰਨ ਦਾ ਪਾਲਣ ਕੀਤਾ ਜਾਵੇ। ਬੋਰਿਸ ਜਾਨਸਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ ਲੋਕਾਂ ਦੀ ਸੁਰੱਖਿਆ ਚਾਹੁੰਦੇ ਹਨ ਅਤੇ ਅਜਿਹੀਆਂ ਪਾਬੰਦੀਆਂ ਦੇ ਉਹ ਹੱਕ ਵਿੱਚ ਨਹੀਂ ਹਨ ਪਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਸਿਹਤ ਦੀ ਜਾਮਨ ਅਤੇ ਰੱਖਿਅਕ ਬਣੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਗੈਰ ਸਹਿਯੋਗ ਦੇ ਕੁਝ ਸੰਭਵ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ 6 ਤੋਂ ਵੱਧ ਇਕੱਠ ਨਾ ਹੋਵੇ। ਮਿਸਾਲ ਵਜੋਂ ਦੋ ਗੁਆਂਢੀ ਆਪਸ ਵਿਚ ਮਿਲਣ ਪਰ ਧਿਆਨ ਰੱਖਿਆ ਜਾਵੇ ਕਿ ਗਿਣਤੀ 6 ਤੌਂ ਵੱਧ ਨਾ ਹੋਵੇ। ਉਨਾਂ ਕਿਹਾ ਕਿ ਕਰੋਨਾਵਾਇਰਸ ਨੂੰ ਹਰ ਹੀਲੇ ਰੋਕਿਆ ਜਾਵੇਗਾ ਕਿਉਂਕਿ ਇਸ ਦਾ ਇਲਾਜ ਹੀ ਨਹੀਂ। ਬਰਤਾਨੀਆ ਸਰਕਾਰ ਇਸ ਵਾਇਰਸ ਤੋਂ ਹੋਣ ਵਾਲੀਆਂ ਮੌਤਾਂ ਨੂੰ ਹਰ ਹਾਲ ਵਿਚ ਰੋਕੇਗੀ।

Previous articleUpset Hindus urge Philadelphia online retailer to withdraw Hindu deity bedspreads & apologize
Next articleExplosives detected, defused in J&K’s Baramulla