ਮੂਡੀਜ਼ ਵੱਲੋਂ ਭਾਰਤ ਦੀ ਜੀਡੀਪੀ ਮਨਫੀ 11.5 ਫੀਸਦ ਰਹਿਣ ਦਾ ਅਨੁਮਾਨ

ਨਵੀਂ ਦਿੱਲੀ (ਸਮਾਜ ਵੀਕਲੀ) : ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਚਾਲੂ ਵਿੱਤੀ ਵਰ੍ਹੇ ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ’ਚ 11.5 ਫੀਸਦ ਕਮੀ ਆਉਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਇਸ ਤੋਂ ਪਹਿਲਾਂ ਮੂਡੀਜ਼ ਨੇ ਭਾਰਤੀ ਅਰਥਚਾਰੇ ’ਚ ਚਾਰ ਫੀਸਦ ਦੀ ਗਿਰਾਵਟ ਦਾ ਅਨੁਮਾਨ ਜ਼ਾਹਿਰ ਕੀਤਾ ਸੀ। ਰੇਟਿੰਗ ਏਜੰਸੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਜੋਖਮ ਹੋਰ ਵਧੇ ਹਨ।

ਏਜੰਸੀ ਅਨੁਸਾਰ ਹਾਲਾਂਕਿ 2021-22 ’ਚ ਭਾਰਤੀ ਅਰਥਚਾਰਾ 10.6 ਫੀਸਦ ਦੀ ਵਿਕਾਸ ਦਰ ਹਾਸਲ ਕਰੇਗਾ। ਇਸੇ ਦੌਰਾਨ ਮੂਡੀ ਨੇ ਅਨੁਮਾਨ ਜ਼ਾਹਿਰ ਕੀਤਾ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਭਾਰਤ ਦਾ ਕਰਜ਼ਾ ਕੁੱਲ ਜੀਡੀਪੀ ਦਾ 90 ਫੀਸਦ ਹੋ ਜਾਵੇਗਾ ਜੋ ਪਿਛਲੇ ਸਾਲ 72 ਫੀਸਦ ਸੀ ਅਤੇ ਜੀਡੀਪੀ ਦਾ ਕੁੱਲ ਕੇਂਦਰੀ ਘਾਟਾ 7.5 ਫੀਸਦ ਹੋ ਜਾਵੇਗਾ ਜੋ ਪਿਛਲੇ ਸਾਲ 4.6 ਫੀਸਦ ਸੀ। ਜ਼ਿਕਰਯੋਗ ਹੈ ਕਿ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਦੇਸ਼ ਦੀ ਜੀਡੀਪੀ ’ਚ 23.9 ਫੀਸਦ ਦਾ ਘਾਟਾ ਦਰਜ ਕੀਤਾ ਗਿਆ ਹੈ। ਊਧਰ ਰੁਪਈਆ ਅੱਜ ਅਮਰੀਕੀ ਡਾਲਰ ਮੁਕਾਬਲੇ ਸੱਤ ਪੈਸੇ ਦੀ ਗਿਰਾਵਟ ਨਾਲ 73.53 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।

Previous articleਕਸ਼ਮੀਰੀ ਪੰਡਿਤਾਂ ਵੱਲੋਂ ਲੈਫ਼ਟੀਨੈਂਟ ਗਵਰਨਰ ਸਿਨਹਾ ਨਾਲ ਮੁਲਾਕਾਤ
Next articleਸੁਦਰਸ਼ਨ ਟੀਵੀ ਦੇ ਪ੍ਰਸਾਰਣ ’ਤੇ ਰੋਕ ਲਾਊਣ ਤੋਂ ਅਦਾਲਤ ਦਾ ਇਨਕਾਰ