ਮਾਸਕੋ (ਸਮਾਜ ਵੀਕਲੀ) : ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਤਣਾਅ ਵਿਚਕਾਰ ਅੱਜ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਇਥੇ ਬੈਠਕ ਕੀਤੀ। ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਸ਼ਮੂਲੀਅਤ ਲਈ ਇਥੇ ਪੁੱਜੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਮੁਲਾਕਾਤ
ਹੋਈ ਜਿਸ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਸਰਹੱਦ ’ਤੇ ਤਣਾਅ ਨੂੰ ਘਟਾਉਣ ਬਾਰੇ ਚਰਚਾ ਹੋਈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਸੀ ਕਿ ਦੋਵੇਂ ਮੰਤਰੀਆਂ ਵਿਚਕਾਰ ਸਰਹੱਦੀ ਵਿਵਾਦ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਵੇਗਾ। ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਸ਼ਾਂਤਮਈ ਵਾਰਤਾ ਰਾਹੀਂ ਮੌਜੂਦਾ ਹਾਲਾਤ ਦੇ ਹੱਲ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਚੀਨੀ ਹਮਰੁਤਬਾ ਜਨਰਲ ਵੇਈ ਫੇਂਗ ਨਾਲ ਮਾਸਕੋ ’ਚ ਗੱਲਬਾਤ ਕੀਤੀ ਸੀ ਪਰ ਇਸ ਨਾਲ ਕੋਈ ਹੱਲ ਨਹੀਂ ਨਿਕਲ ਸਕਿਆ ਸੀ।
ਇਸੇ ਦੌਰਾਨ ਰੂਸ, ਭਾਰਤ ਅਤੇ ਚੀਨ (ਆਰਆਈਸੀ) ਦੇ ਵਿਦੇਸ਼ ਮੰਤਰੀਆਂ ਨੇ ਵੀਰਵਾਰ ਨੂੰ ਮਾਸਕੋ ’ਚ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਦੌਰਾਨ ਵੱਖਰੇ ਤੌਰ ’ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵੀਟ ਕੀਤਾ, ‘‘ਮਾਸਕੋ ’ਚ ਵਿਦੇਸ਼ ਮੰਤਰੀ ਸਰਗੇਈ ਲਵਰੋਵ ਦੀ ਮੇਜ਼ਬਾਨੀ ’ਚ ਹੋਈ ਆਰਆਈਸੀ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲਿਆ। ਨਿੱਘੀ ਮੇਜ਼ਬਾਨੀ ਲਈ ਧੰਨਵਾਦ।’’ ਜੈਸ਼ੰਕਰ ਨੇ ਰੂਸ ਅਤੇ ਚੀਨ ਦੇ ਆਪਣੇ ਹਮਰੁਤਬਾ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਹੈ। ਸ੍ਰੀ ਜੈਸ਼ੰਕਰ ਅਤੇ ਲਵਰੋਵ ਨੇ ਭਾਰਤ ਅਤੇ ਰੂਸ ਵਿਚਕਾਰ ਦੁਵੱਲੇ ਆਰਥਿਕ ਮੁੱਦਿਆਂ, ਪਰਮਾਣੂ ਅਤੇ ਪੁਲਾੜ ਸੈਕਟਰਾਂ ’ਚ ਸਹਿਯੋਗ ਦੇ ਮੁੱਦੇ ਵੀ ਵਿਚਾਰੇ।
ਆਰਆਈਸੀ ਢਾਂਚੇ ਤਹਿਤ ਤਿੰਨੇ ਮੁਲਕਾਂ ਦੇ ਵਿਦੇਸ਼ ਮੰਤਰੀ ਸਮੇਂ ਸਮੇਂ ’ਤੇ ਆਪਣੇ ਹਿੱਤਾਂ ਵਾਲੇ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਲਈ ਮਿਲਦੇ ਰਹਿੰਦੇ ਹਨ। ਸ੍ਰੀ ਜੈਸ਼ੰਕਰ ਐੱਸਸੀਓ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਲਈ ਚਾਰ ਦਿਨ ਦੇ ਦੌਰੇ ’ਤੇ ਮਾਸਕੋ ’ਚ ਹਨ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੂਸ ਦੀ ਰਾਜਧਾਨੀ ਮਾਸਕੋ ’ਚ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲਿਆ। ਉਨ੍ਹਾਂ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਸਾਂਝੀ ਤਸਵੀਰ ਵੀ ਪੋਸਟ ਕੀਤੀ। ਐੱਸਸੀਓ ’ਚ ਚੀਨ ਅਤੇ ਪਾਕਿਸਤਾਨ ਵੀ ਸ਼ਾਮਲ ਹਨ। ਐੱਸਸੀਓ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਇਹ ਤੀਜੀ ਬੈਠਕ ਸੀ, ਜਿਸ ’ਚ ਭਾਰਤ ਨੇ ਸਥਾਈ ਮੈਂਬਰ ਵਜੋਂ ਹਿੱਸਾ ਲਿਆ।
ਨਵੀਆਂ ਚੁਣੌਤੀਆਂ ਦਾ ਟਾਕਰਾ ਕਰ ਸਕਦੈ ਸ਼ੰਘਾਈ ਸਹਿਯੋਗ ਸੰਗਠਨ: ਪੂਤਿਨ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਸ ਜਤਾਈ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਨਵੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਅਤਿਵਾਦ, ਨਸ਼ਾ ਤਸਕਰੀ ਅਤੇ ਸੰਗਠਤ ਅਪਰਾਧ ਵੱਧ ਰਹੇ ਹਨ ਅਤੇ ਐੱਸਸੀਓ ਯੂਰਏਸ਼ੀਆ ’ਚ ਸ਼ਾਂਤੀ, ਸੁਰੱਖਿਆ ਅਤੇ ਸਥਾਈ ਵਿਕਾਸ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅੱਠ ਮੈਂਬਰੀ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਪੂਤਿਨ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਹਾਲਾਤ ਤਣਾਅਪੂਰਨ ਹਨ ਅਤੇ ਮੱਧ ਪੂਰਬ ਤੇ ਉੱਤਰੀ ਅਫ਼ਰੀਕਾ ’ਚ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਆਲਮੀ ਚੁਣੌਤੀਆਂ ਦਾ ਹੱਲ ਰਲ ਕੇ ਲੱਭਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸੰਗਠਨ ’ਚ 16 ਹੋਰ ਮੁਲਕ ਜੁੜਨਾ ਚਾਹੁੰਦੇ ਹਨ।