(ਸਮਾਜ ਵੀਕਲੀ)
ਕੂੜੇ ਦਾ ਬੱਠਲ ਸਿਰ ਤੇ ਚੁੱਕਿਆ ਸੰਤੀ ਘਰ ਤੋਂ ਬਾਹਰ ਗਲੀ ਵੱਲ ਨੂੰ ਤੁਰੀ ਤਾਂ ਕੀ ਦੇਖਦੀ ,ਫਿਰਨੀ ਤੇ ਕੰਮੋ ਘਰੋਂ ਗੋਹੇ ਦਾ ਬੱਠਲ ਚੁੱਕ ਕੇ ਤੁਰੀਂ ਆਉਂਦੀ ਆ।
“ਕੁੜੇ ਮੈ ਤਾਂ ਤੇਰੇ ਵੱਲ ਹੀ ਆਉਣਾ ਸੀ” ਸੰਤੀ ਨੇ ਆਸਾ ਪਾਸਾ ਦੇਖਦੇ ਹੋਇਆ ਪੁੱਛਿਆ।
“ਮੇਰੇ ਤਾਈਂ ਕੋਈ ਕੰਮ ਸੀ ਤਾਈ”? ਕੰਮੋ ਨੇ ਪੁਛਿਆ।
ਕੰਮੇ ਤੇਰੀ ਭਣੇਵੀ ਦੇ ਰਿਸ਼ਤੇ ਬਾਰੇ ਪੁੱਛਦੀ ਸੀ ਕੀ ਬਣਿਆ ਕੀ ਕਹਿੰਦੇ ਸੀ ਪਟਵਾਰੀਆਂ ਕੇ ?
ਤਾਈ ਉਹ ਤਾਂ ਕੁੜੀ ਪੱਕੀ ਲੱਗੀ ਭਾਲਦੇ ਐ।
ਤੇਰੀ ਭਣੇਵੀ ਵੀ ਤਾਂ ਪੂਰੇ ਪੰਦਰਾਂ ਪੜ੍ਹੀ ਐ, ਹੋਰ ਉਨ੍ਹਾਂ ਨੂੰ ਕੀ ਚਾਹੀਦਾ ਸੀ , ਨਾਲੇ ਦਾਜ ਵੀ ਤੁਸਾਂ ਗੱਡੀ ਦੇਣੀ ਸੀ।
ਹਾਂ ਤਾਈ। ਆਪਣਾ ਕਿਹੜਾ ਜੋਰ ਆ ਕਿਸੇ ਤੇ। ਜਿਵੇਂ ਉਨ੍ਹਾਂ ਦੀ ਮਰਜ਼ੀ।
ਕੰਮੋ ਮੈ ਸੁਣਿਆਂ ਜੱਸੇ ਦੇ ਮੁੰਡੇ ਨੂੰ ਪੁਲਿਸ ਫੜ੍ਹ ਕੇ ਲੈ ਗਈ ,ਕਹਿੰਦੇ ਚਿੱਟਾ ਲਾਉਂਦਾ ਫੜ੍ਹਿਆ ਸੀ।ਤੇਰੇ ਤਾਂ ਮੁੱਢ-ਗੁਆਂਢ ਹੈ ਤੈਨੂੰ ਤਾਂ ਪਤਾ ਹੀ ਹੋਵੂ।
ਤਾਈ ਕਿਸੇ ਨੇ ਪੱਕੀ ਖਬਰ ਦਿੱਤੀ ਐ, ਬਿਨਾਂ ਗਲੋਂ ਪੁਲਿਸ ਕਦੇ ਫੜ੍ਹ ਨਹੀ ਕਰਦੀ।
ਕੁੜੇ ਹੌਲੀ ਬੋਲ ਕੰਧਾਂ ਦੇ ਵੀ ਕੰਨ ਹੁੰਦੇ ਨੇ ” ਬੱਠਲ ਹੇਠੋਂ ਚੁੰਨੀ ਠੀਕ ਕਰਦੀ ਹੋਈ ਬੋਲੀ”
ਤਾਈ ਇਕ ਪਿਸਤੌਲ ਵੀ ਘਰੋਂ ਫੜਿਆ ਏ,ਇਕ ਘੰਟਾ ਪੂਰਾ ਘਰੇ ਤਲਾਸ਼ੀ ਲਈ।
ਲੋਹੜਾ ਆ ਗਿਆ ਭਾਈ, ਅਜ ਕਲ ਦੇ ਜਵਾਕ ਕਿਧਰ ਨੂੰ ਤੁਰ ਪਏ ਨੇ।
ਹਾਂ ਤਾਈ।ਜੱਸੇ ਨੇ ਮਿੰਨਤਾਂ ਤਰਲੇ ਬਹੁਤ ਕੀਤੇ ਪਰ ਨਾ ,ਜਿਪਸੀ ‘ਚ ਬਿਠਾ ਕੇ ਲੈ ਗਏ।
ਪੁਲਿਸ ਵਾਲੇ ਵੀ ਕਿਸੇ ਦੇ ਸਕੇ ਨੇ।
ਆਹ! ਗੋਰੇ ਦੀ ਘਰਵਾਲੀ, ਮੈ ਸੁਣਿਆਂ ਕੱਲ ਪਿੰਡ ਆਏ ਕਵਾੜੀਏ ਨੂੰ ਘਰੋਂ ਪੁਰਾਣਾ ਸਮਾਨ ਦੇਣ ਲੱਗ ਪਈ।ਹਲੇ ਤਿੰਨ ਮਹੀਨੇ ਹੋਏ ਆ ਵਿਆਹੀ ਆਈ ਨੂੰ।
ਜਦੋਂ ਮੈ ਵਿਆਹੀ ਆਈ ਸੀ ਮੈ ਤਾਂ ਸਹੁਰੇ ਨੂੰ ਰੋਟੀ ਦੇਣ ਲੱਗੀ ਵੀ ਘੁੰਢ ਕੱਢ ਕੇ ਜਾਂਦੀ ਸੀ।ਅਜ ਕਲ੍ਹ ਦੀਆਂ ਕੁੜੀਆਂ ਨੇ ਤਾਂ ਸ਼ਰਮ ਹੀ ਲਾਈ ਪਈ ਆ।
ਹੋਰ ਕੀ ਤਾਈ।ਪਰਸੋਂ ਜੀਤੇ ਦੀ ਕੁੜੀ ਨੂੰ ਛੱਤ ਤੇ ਆਹ! ਮਗਲੈਲ ਫੋਨ ਤੇ ਵੀਡੀਓ ਬਣਾਉਂਦੀ ਨੂੰ ਦੇਖਿਆ।ਮੁੰਡਿਆ ਵਾਲੀ ਸ਼ਰਟ ਤੇ ਪਜਾਮੇ ਜੇ ਪਾ ਕੇ ਕੱਠੇ ਤੇ ਫੋਨ ਅੱਗੇ ਭੁੜਕੀ ਜਾਵੇ।
ਵਾਹਗਰੂ ਵਾਹਗੁਰੂ! “ਕੁੜੇ ਏਨੇ ਤਾਂ ਜਵਾਂ ਹੀ ਸ਼ਰਮ ਲਾ ਤੀ”
ਇਕ ਉਨਾਂ ਦੀ ਭਾਣਜੀ ਘਰੇ ਆਈ ਹੋਈ ਆ ,ਤਾਈ! ਮੈਨੂੰ ਤਾਂ ਉਸੇ ਦੇ ਹੀ ਕਾਰੇ ਲੱਗਦੇ ਨੇ ” ਕੰਮੋ ਨੇ ਹੌਲੀ ਅਵਾਜ ‘ਚ ਬੋਲਿਆ”।
ਕੀ ਬਣੂ ਇਨ੍ਹਾਂ ਕੁੜੀਆਂ ਦਾ, ਲੱਥੀ ਚੜ੍ਹੀ ਦੀ ਬਿਲਕੁਲ ਨਹੀ ਹੈਗੀ ਇਨ੍ਹਾਂ ਨੂੰ। ਪਿਉ ਆਥਣੇ ਘਰੇ ਵੜਦਾ ,ਮਾਂ ਲੋਕਾਂ ਦੇ ਘਰਾਂ ‘ਚ ਤੁਰੀ ਰਹਿੰਦੀ ਐ ਕੁੜੀਆਂ ਤਾਂ ਆਪੇ ਹੀ ਵਿਗੜਨਾ।
ਲੱਖੇ ਦੀ ਸਾਲੀ ਕਿਸੇ ਮਿਸਤਰੀ ਨਾਲ ਨਹੀਂ ਭੱਜ ਗਈ ,ਨਾਲੇ ਚੰਡੀਗੜ੍ਹ ਪੜ੍ਹ ਕੇ ਆਈ ਸੀ।”ਮੂੰਹ ਸਵਾਰਦੇ ਹੋਏ ਦੱਸਿਆ”।
ਕੁੜੇ ਆਹੀ ਲੱਛਣ ਕਰਦੀ ਹੋਵੂ ਜੀਤੇ ਦੀ ਕੁੜੀ ਆਲੇ।ਚੰਡੀਗੜ੍ਹ ਦੀ ਤਾਂ ਭੈਣੇ ਹਵਾ ਈ ਮਾੜੀ ਐ।
ਸਾਰੇ ਪਿੰਡ ਦੀਆਂ ਚੁਗਲੀਆ ਜੇ ਖਤਮ ਹੋ ਗਈਆਂ ਹੋਣ ਤਾਂ ਬੱਠਲ ਤਾਂ ਢੇਰੀਆਂ ਤੇ ਸੁੱਟ ਆਉ ,”ਜੈਲਾ ਬੈਠਕ ‘ਚੋ ਬਾਹਰ ਆਉਂਦਾ ਹੋਇਆ ਬੋਲਿਆ ”
ਕੰਮੋ ਤੇਰੇ ਬੱਠਲ ਚੋਂ ਗੋਹਾ ਵਗਣ ਲੱਗ ਪਿਆ ਏ ।ਸੰਤੀਏ ਤੇਰੇ ਕੂੜੇ ‘ਚ ਭਰਿੰਡ ਫਿਰਦੇ ਨੇ।
ਹਾਏ ਹਾਏ ,ਚੰਗਾ ਕੰਮੋ ਕੰਮ ਕਰ ਲਈਏ,ਲੋਕਾਂ ਦੇ ਮੂੰਹ ਥੋੜਾ ਬੰਦ ਕਰ ਸਕਦੇ ਆ।
ਆਹੋ ! ਮੈ ਬੋਲਿਆ ਤਾਂ ਭੈੜਾ ਲੱਗਦਾ ,ਚੁਗਲੀਆ ਸਾਰੇ ਜਹਾਨ ਦੀਆਂ ਕਰਾ ਲੋ ਉਹ ਨਹੀਂ ਭੈੜੀਆਂ ਲਗਦੀਆਂ।ਕੋਈ ਘਰ ਛੱਡ ਵੀ ਦਿਆ ਕਰ ਸੰਤੀਏ। ਗੁਰਦੁਆਰੇ ਜਾਣ ਲਈ ਆਖੋ ਤਾਂ ਮੌਤ ਪੈਂਦੀ ਏ ਤੇ ਏਥੇ ਸਿਰ ਤੇ ਚੁਕਿਆ ਭਾਰ ਵੀ ਸਕੂਨ ਦਈ ਜਾਂਦਾ ਐ।
ਚੰਗਾ ਚੰਗਾ ਤਾਈ ਮੈ ਚਲਦੀ ਆ ਜਵਾਕਾਂ ਨੂੰ ਤਿਆਰ ਵੀ ਕਰਨਾ ਐ।
ਕੋਈ ਨਾ ਜਵਾਕ ਆਪੇ ਤਿਆਰ ਹੋ ਜਾਣਗੇ।ਕੁਰਸੀਆਂ ਲਿਆ ਦੇਂਦਾ ,ਚਾਹ ਵੀ ਮੰਗਾ ਦਿੰਦਾ ਤੁਸੀਂ ਬੈਠ ਕੇ ਚੁਗਲੀਆ ਕਰ ਲੋ ।ਐਂਵੇ ਭਾਰ ਚੁੱਕ ਕੇ ਬੋਲੀ ਜਾਂਦੀਆਂ ਓ।ਅਰਾਮ ਨਾਲ ਬੈਠ ਕੇ ਗਲਾਂ ਕਰੋ।
ਜੈਲੇ! ਅਸੀਂ ਤਾਂ ਦੁੱਖ ਸੁੱਖ ਕਰਦੀਆਂ ਸੀ ਤੂੰ ਤਾਂ ਐਵੇਂ ਹੀ ਗੁੱਸਾ ਕਰੀ ਜਾਨਾ।” ਕੂੜਾ ਸੁੱਟਦੀ ਹੋਈ ਸੰਤੀ ਬੋਲੀ”।
ਚੰਗਾ ਭੈਣੇ ਮੈ ਚਲਦੀ, ਰੋਟੀ ਲਾਹੁਣੀ ਆ ਘਰੇ ਜਾ ਕੇ….
ਸੁਰਜੀਤ ਸਿੰਘ ਦਿਲਾ ਰਾਮ
ਜਿਲ੍ਹਾ ਫਿਰੋਜ਼ਪੁਰ
99147-22933