ਰੰਗ, ਰੂਪ ਤੇ ਭੇਸ ਨਸਲ ਦਾ, ਸ਼ਿਕਵਾ ਕਦੀ ਨਾ ਕਰੀਏ।
ਲੈ ਕੇ ਮਿਹਨਤ ਵਾਲ਼ੀ ਗੁੜ੍ਹਤੀ, ਨਾਲ਼ ਹਾਲਾਤਾਂ ਲੜੀਏ।
ਪੱਲੇ ਦੇ ਨਾਲ਼ ਬੰਨ੍ਹ ਕੇ ਰੱਖਣਾ, ਮਿਲ਼ਦਾ ਗਿਆਨ ਜੋ ਅੱਖਰਾਂ ‘ਚੋਂ।
ਸਿਆਣੇ ਕਹਿੰਦੇ ਉੱਗਣ ਵਾਲ਼ੇ, ਉੱਗ ਜਾਂਦੇ ਨੇ ਪੱਥਰਾਂ ਚੋਂ।
ਜਿੱਥੇ ਵੀ ਤੁਸੀਂ ਬੈਠੇ ਹੋਵੋ, ਬਸ ਰੱਜ-ਰੱਜ ਕੇ ਹੀ ਪੜ੍ਹੀਏ।
ਰੰਗ, ਰੂਪ ਤੇ ਭੇਸ ਨਸਲ ਦਾ, ਸ਼ਿਕਵਾ ਕਦੀ ਨਾ ਕਰੀਏ।
ਲੱਤਾਂ ਖਿੱਚਣ ਵਾਲ਼ੇ ਬਹੁਤੇ, ਸਾਥ ਦੇਣਗੇ ਘੱਟ ਲੋਕੀਂ।
ਤਾਹਨੇ ਸੁਣ-ਸੁਣ ਲੋਕਾਂ ਦੇ, ਨਾ ਪੈ ਜਾਣਾ ਸੋਚੀਂ।
ਲੋਕਾਂ ਦੀਆਂ ਗਿੱਦੜ ਧਮਕੀਆਂ ਕੋਲ਼ੋਂ, ਭੁੱਲ ਕੇ ਵੀ ਨਾ ਡਰੀਏ।
ਰੰਗ, ਰੂਪ ਤੇ ਭੇਸ ਨਸਲ ਦਾ, ਸ਼ਿਕਵਾ ਕਦੀ ਨਾ ਕਰੀਏ।
ਅੱਜ ਦੀ ਮਿਹਨਤ ਕੱਲ੍ਹ ਦਾ ਸੁੱਖ ਹੈ, ਚੇਤੇ ਰੱਖਿਓ ਗੱਲ ਬੱਚਿਓ।
ਰੋਜ਼ ਦੀ ਰੋਜ਼ ਹੈ ਕੰਮ ਕਰਲਿਓ, ਨਹੀਂ ਛੱਡਣਾ ਉੱਤੇ ਕੱਲ੍ਹ ਬੱਚਿਓ।
ਲੋਕ-ਦਿਲਾਂ ਵਿੱਚ ਥਾਂ ਬਣਾ ਕੇ, ਐਸੇ ਕੋਕੇ ਜੜੀਏ।
ਰੰਗ, ਰੂਪ ਤੇ ਭੇਸ ਨਸਲ ਦਾ ਸ਼ਿਕਵਾ ਕਦੀ ਨਾ ਕਰੀਏ।
‘ਗੁਰਵਿੰਦਰਾ’ ਇੱਕ ਦਿਨ ਤੇਰੀ ਵੀ, ਗੁੱਡੀ ਚੜ੍ਹ ਜਾਣੀ ਅਸਮਾਨੀਂ।
ਕਲਮ ਤੇਰੀ ਨੇ ਵੀ ਫਿਰ ਇੱਕ ਦਿਨ, ਬਣ ਜਾਣਾ ਲਾਸਾਨੀ।
ਬੇ-ਹਿੰਮਤੇ ਨਹੀਂ ਬਣਨਾ, ਆਜੋ ਪੱਲਾ ਮਿਹਨਤ ਦਾ ਫੜੀਏ।
ਰੰਗ, ਰੂਪ ਤੇ ਭੇਸ ਨਸਲ ਦਾ, ਸ਼ਿਕਵਾ ਕਦੀ ਨਾ ਕਰੀਏ।
ਗੁਰਵਿੰਦਰ ਸਿੰਘ ‘ਉੱਪਲ’
ਮਾਲੇਰਕੋਟਲਾ (ਸੰਗਰੂਰ)
ਮੋਬਾ. 98411-45000