ਅੰਕੜੇ ਸਾਨੂੰ ਕਈ ਤਰ੍ਹਾਂ ਦੀਆਂ ਗਿਣਤੀਆਂ – ਮਿਣਤੀਆਂ ਕਰਨ , ਮੁਲਾਂਕਣ ਕਰਨ , ਭਵਿੱਖਤ ਲੋਕ ਭਲਾਈ ਯੋਜਨਾਵਾਂ ਤਿਆਰ ਕਰਨ , ਕੀਤੀ ਮਿਹਨਤ ਜਾਂ ਕਾਰਗੁਜ਼ਾਰੀ ਨੂੰ ਆਂਕਣ ਅਤੇ ਸਰਬਪੱਖੀ ਤੇ ਸਰਵ – ਹਿਤਕਾਰੀ ਯੋਜਨਾਵਾਂ ਨੂੰ ਤਿਆਰ ਕਰਨ ਅਤੇ ਨੇਪਰੇ ਚਾੜ੍ਹਨ ਲਈ ਮੀਲ – ਪੱਥਰ ਸਿੱਧ ਹੁੰਦੇ ਆਏ ਹਨ ।
ਅੰਕੜਿਆਂ ਦੀ ਸਹੀ ਵਿਸ਼ਵਸਨੀਅਤਾ ਕਿਸੇ ਰਾਜ ਜਾਂ ਦੇਸ਼ ਦੇ ਭਵਿੱਖ ਦਾ ਸਹੀ ਮੂੰਹ – ਮੁਹਾਂਦਰਾ ਤੈਅ ਕਰਨ ਹਿੱਤ ਹਿੱਤਕਾਰੀ ਹੋ ਨਿੱਬੜਦੀ ਹੈ। ਅੱਜ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਜੋ ਤਰੱਕੀ ਦੀਆਂ ਬੁਲੰਦੀਆਂ ਸਰ ਕੀਤੀਆਂ ਹਨ , ਉਨ੍ਹਾਂ ਤੋਂ ਹਰ ਆਮ – ਜਨ ਭਲੀਭੀਤ ਜਾਣੂੰ ਹੈ । ਸਕੂਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ ।
ਸਕੂਲੀ ਸਿੱਖਿਆ ਸਮੇਂ ਦੀ ਹਾਣੀ ਬਣੀ ਹੈ । ਅੱਜ ਪੜ੍ਹਾਈ ” ਬੱਚਾ ਤੇ ਰੰਬਾ ਚੰਡਿਆਂ ਹੀ ਸਿੱਧੇ ਹੁੰਦੇ ਨੇ ” ਦੇ ਪੁਰਾਤਨ ਰੂੜ੍ਹੀਵਾਦੀ ਰਾਹ ਤੋਂ ਹਟ ਕੇ ਖੇਡ ਵਿਧੀ , ਵਿਦਿਆਰਥੀ – ਕੇਂਦਰਤ ਅਤੇ ਦੋਸਤਾਨਾ – ਮਾਹੌਲ ਵਾਲੀ ਬਣੀ ਹੈ। ਇਸੇ ਤਹਿਤ ਸਕੂਲ ਸਿੱਖਿਆ ਵਿਭਾਗ ਵਿੱਚ ” ਸਿੱਖਣ – ਪਰਿਣਾਮਾਂ ” ਨੂੰ ਕਾਫੀ ਤਵੱਜੋਂ ਦਿੱਤੀ ਜਾਣ ਲੱਗੀ ਹੈ , ਭਾਵ ਕਿ ਬੱਚਾ ਜੋ ਕੁਝ ਵੀ ਅਧਿਆਪਕ ਪਾਸੋਂ ਵਿਦਿਆਰਥੀ – ਜੀਵਨ ਵਿੱਚ ਸਕੂਲੀ ਸਮੇਂ ਦੇ ਦੌਰਾਨ ਸਿੱਖਦਾ ਹੈ ,
ਉਹ ਉਸ ਪ੍ਰਾਪਤ ਕੀਤੇ ਗਿਆਨ ਤੇ ਪ੍ਰਾਪਤ ਕੀਤੀ ਸਿੱਖਿਆ ਨੂੰ ਜੀਵਨ ਦੇ ਵਿੱਚ ਦੁਨਿਆਵੀ ਤੌਰ ‘ਤੇ ਜੀਵਨ – ਬਸਰ ਕਰ ਕਰਦੇ ਹੋਏ ਵਰਤੋਂ ਵਿੱਚ ਲਿਆਵੇ , ਤਾਂ ਹੀ ਸਿੱਖਿਆ ਦਾ ਮਨੋਰਥ ਸਿੱਧ ਹੋ ਸਕਦਾ ਹੈ ; ਕਿਉਂ ਜੋ ਪ੍ਰਾਪਤ ਕੀਤੀ ਸਿੱਖਿਆ ਨੂੰ ਜੀਵਨ ਵਿੱਚ ਉਪਯੋਗ ਕਰਨਾ ਅਤੇ ਉਸ ਅਨੁਸਾਰ ਸਮੇਂ ਦੇ ਹਾਣੀ ਬਣ ਕੇ ਸਮਝ ਵਿਕਸਿਤ ਕਰਨਾ ਅਤੇ ਦੇਸ਼ ਦੇ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੇ ਫ਼ਰਜ਼ਾਂ ਨੂੰ ਪਛਾਣਨਾ ਤੇ ਨਿਭਾਉਣਾ ਹੀ ਸਿੱਖਿਆ ਦਾ ਟੀਚਾ ਹੋ ਨਿੱਬੜਦਾ ਹੈ ।
ਇਹ ਤਦ ਹੀ ਸੰਭਵ ਹੈ ਜਦੋਂ ਬੱਚਿਆਂ ਦੇ ਸਿੱਖਣ ਦੇ ਸਿੱਖਣ – ਪੱਧਰ , ਉਨ੍ਹਾਂ ਦੇ ਅਰਜਿਤ ਕੀਤੇ ਗਿਆਨ ਤੇ ਉਨ੍ਹਾਂ ਦੀ ਵਿਕਸਿਤ ਹੋਈ ਸਮਝ ਨੂੰ ਅੰਕਿਆ ਜਾ ਸਕੇ । ਇਸੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਨੇ ਆਪਣੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੇ ਹੋਏ P.A.S. ( ਪੰਜਾਬ ਅਚੀਵਮੈਂਟ ਸਰਵੇ ) ਕਰਵਾਉਣ ਦੀ ਠੋਸ ਤੇ ਵਿਧੀਵੱਧ ਯੋਜਨਾ ਉਲੀਕੀ ਹੈ , ਜੋ ਕਿ ਆਪਣੇ – ਆਪ ਵਿੱਚ ਇੱਕ ਸਰਾਹੁਣਯੋਗ ਤੇ ਪ੍ਰਸੰਸਾ ਵਾਲੀ ਰੂਪ – ਰੇਖਾ ਅਤੇ ਗੱਲ ਹੈ।
ਖੁਸ਼ੀ ਦੀ ਗੱਲ ਹੈ ਕਿ ਸਕੂਲ ਸਿੱਖਿਆ ਵਿਭਾਗ ਕਾਫ਼ੀ ਅਰਸਾ ਪਹਿਲਾਂ ਤੋਂ ਹੀ ਇਸ ਪੰਜਾਬ ਅਚੀਵਮੈਂਟ ਸਰਵੇ ( P.A.S.) ਲਈ ਪੱਬਾਂ ਭਾਰ ਹੋ ਗਿਆ ਹੈ ਅਤੇ ਸਾਡੇ ਬਹੁਤ ਹੀ ਮਿਹਨਤੀ , ਸਮਰਪਿਤ ਤੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਇਸ ਕਰੋਨਾ ਮਹਾਂਮਾਰੀ ਦੇ ਔਖੇ ਸਮੇਂ ਵਿੱਚ ਵੀ ਆਨਲਾਈਨ – ਪੜ੍ਹਾਈ ਕਰਵਾ ਕੇ ਪੰਜਾਬ ਅਚੀਵਮੈਂਟ ਸਰਵੇ ( P.A.S.) ਦੀ ਤਿਆਰੀ ਬੱਚਿਆਂ ਨੂੰ ਕਰਵਾ ਰਹੇ ਹਨ ।
ਵੱਡੀ ਗੱਲ ਇਹ ਵੀ ਹੈ ਕਿ ਸ਼ਹਿਰੀ ਖੇਤਰਾਂ ਦੇ ਨਾਲ਼ – ਨਾਲ਼ ਪੰਜਾਬ ਦੇ ਪੇਂਡੂ ਖੇਤਰਾਂ ਦੇ ਬਹੁਤੇਰੇ ਵਿਦਿਆਰਥੀ ਵੀ ਆਨਲਾਈਨ – ਪੜ੍ਹਾਈ ਨਾਲ ਜੁੜੇ ਹਨ ਅਤੇ ਨਵੀਂ ਤਕਨੀਕ ਅਪਣਾ ਰਹੇ ਹਨ । ਪੰਜਾਬ ਅਚੀਵਮੈਂਟ ਸਰਵੇ ( P.A.S.) ਪ੍ਰਤੀ ਬੱਚਿਆਂ , ਅਧਿਆਪਕਾਂ , ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ , ਪੰਜਾਬ ਸਰਕਾਰ ਦੇ ਵਿੱਦਿਅਕ ਪ੍ਰੋਜੈਕਟ ” ਪੜ੍ਹੋ ਪੰਜਾਬ – ਪੜ੍ਹਾਓ ਪੰਜਾਬ ” ਟੀਮਾਂ ਅਤੇ ਸਕੱਤਰ , ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਸ੍ਰੀ ਕ੍ਰਿਸ਼ਨ ਕੁਮਾਰ ਜੀ ( I.A.S.) ਦਾ ਯੋਗਦਾਨ , ਸਮਰਪਣ – ਭਾਵ , ਕਾਰਜ ਤੇ ਦ੍ਰਿੜ੍ਹ ਇਰਾਦਾ ਸੱਚਮੁੱਚ ਬਹੁਤ ਸਰਾਹੁਣਯੋਗ ਤੇ ਪ੍ਰਸ਼ੰਸਨੀਯਾ ਹੈ ।