ਫਤਹਿਗੜ੍ਹ ਸਾਹਿਬ (ਸਮਾਜ ਵੀਕਲੀ) : ਨੇੜਲੇ ਸਨਅਤੀ ਖੇਤਰ ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਸਥਿਤ ਟੀ.ਸੀ.ਟੀ. ਫਰਨੇਸ ਵਿਚ ਅੱਜ ਸਵੇਰੇ ਕਰੀਬ 10:40 ਵਜੇ ਅਚਾਨਕ ਧਮਾਕਾ ਹੋਣ ਕਾਰਨ ਉੱਥੇ ਕੰਮ ਕਰਦੇ ਲਗਭਗ 10 ਮਜ਼ਦੂਰ ਬੁਰੀ ਤਰ੍ਹਾਂ ਨਾਲ ਝੁਲਸ ਗਏ। ਹਾਦਸੇ ਵਿਚ ਝੁਲਸੇ ਮਜ਼ਦੂਰਾਂ ਨੂੰ ਪਹਿਲਾਂ ਇਲਾਜ ਲਈ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੋਂ ਛੇ ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਚਾਰ ਮਜ਼ਦੂਰਾਂ ਦਾ ਇਲਾਜ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਚੱਲ ਰਿਹਾ ਹੈ।
ਫੈਕਟਰੀ ਨੇੜੇ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ ਭੱਠੀ ਵਿੱਚ ਟਰੱਕ ਦਾ ਜੈਕ ਡਿੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਨੇੜੇ ਕੰਮ ਕਰਦੇ ਮਜ਼ੂਦਰਾਂ ’ਤੇ ਪਿਘਲਿਆ ਹੋਇਆ ਗਰਮ ਲੋਹਾ ਪੈ ਗਿਆ, ਜਿਸ ਕਾਰਨ ਛੇ ਮਜ਼ਦੂਰ 65 ਤੋਂ 90 ਫ਼ੀਸਦੀ ਤੱਕ ਝੁਲਸ ਗਏ ਹਨ। ਜ਼ਖ਼ਮੀ ਮਜ਼ਦੂਰ ਉੱਤਰ ਪ੍ਰਦੇਸ਼, ਬਿਹਾਰ ਅਤੇ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਨਰਿੰਦਰ ਕੁਮਾਰ, ਅਰੁਣ ਕੁਮਾਰ ਦੋਵੇਂ ਵਾਸੀ ਅਜਨਾਲੀ (ਮੰਡੀ ਗੋਬਿੰਦਗੜ੍ਹ), ਮੋਇਨ ਪੁੱਤਰ ਅਸੀਮ ਵਾਸੀ ਲਖੀਮਪੁਰ (ਉਤਰ ਪ੍ਰਦੇਸ਼), ਇਮਰਾਤ ਪੁੱਤਰ ਮੋਬੀਨ ਖਾਨ ਵਾਸੀ ਲਖੀਮਪੁਰ, ਗਿਆਨ ਪ੍ਰਕਾਸ਼ ਪੁੱਤਰ ਰਿਸ਼ੀ ਰਾਜ ਵਾਸੀ ਪਾਖਨਪੁਰ (ਉਤਰ ਪ੍ਰਦੇਸ਼), ਸੁਖਨੰਦਨ ਪੁੱਤਰ ਜੋਤਿਸ਼ ਠਾਕੁਰ ਵਾਸੀ ਦਾਦਪੁਰ (ਬਿਹਾਰ), ਅਗਨੀ ਪੁੱਤਰ ਬਹੌਰੀ ਲਾਲ ਫੈਜ਼ਪੁਰਾ ਮਾਜਰਾ ਜ਼ਿਲ੍ਹਾ ਬੁਲੰਦਸ਼ਹਿਰ, ਸਹੋਤਿਆ ਪੁੱਤਰ ਜ਼ਹੀਰ ਅਤੇ ਸਹਾਏਰਿਆਲ ਖਾਨ ਪੁੱਤਰ ਜ਼ਹੀਰ ਵਾਸੀ ਪੰਡਰੀਆ (ਊੱਤਰ ਪ੍ਰਦੇਸ਼) ਵਜੋਂ ਹੋਈ ਹੈ।
ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ 65 ਤੋਂ 90 ਫ਼ੀਸਦ ਤੱਕ ਝੁਲਸੇ ਛੇ ਮਜ਼ਦੂਰਾਂ ਨੂੰ ਬਿਹਤਰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।