ਹਰਸਿਮਰਤ ਦੀ ਕੁਰਸੀ ਬਚਾਉਣ ਲਈ ਅਕਾਲੀ ਵਿਧਾਨ ਸਭਾ ਸੈਸ਼ਨ ਤੋਂ ਭੱਜੇ

ਪੰਥਕ ਆਧਾਰ ਗਵਾਉਣ ਪਿੱਛੋਂ ਹੁਣ ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਿੱਚ ਵੀ ਨਾਕਾਮ

ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਕਿਸਾਨ ਮਾਰੂ ਆਰਡੀਨੈਂਸ ਵਿਰੁੱਧ ਮਤਾ ਪਾਸ ਕਰਾਕੇ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਦਾ ਇਤਿਹਾਸ ਦੁਹਰਾਇਆ

    ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਵਿਧਾਇਕ ਸ.ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਕੈਬਨਿਟ 2ਵਿੱਚ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਅੱਜ ਮਹੱਤਵਪੂਰਨ ਵਿਧਾਨ ਸਭਾ ਸੈਸ਼ਨ ਤੋਂ ਭੱਜ ਗਿਆ,ਜਿਸ ਵਿੱਚ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਜਾਣਾ ਸੀ।

ਅੱਜ ਜਾਰੀ ਇਕ ਬਿਆਨ ਵਿਚ ਉਨਾਂ ਕਿਹਾ ਕਿ ਬਾਦਲ ਪਰਿਵਾਰ ਦਾ ਇੱਕਲੌਤਾ ਮਕਸਦ ਕੇਵਲ ਹਰਸਮਿਰਤ ਦੀ ਕੁਰਸੀ ਬਚਾਉਣਾ ਹੀ ਹੈ ਅਤੇ ਇਸ ਲਈ ਉਨਾਂ ਨੇ ਪੰਜਾਬ ਦੇ ਅੰਨ ਦਾਤੇ ਦੇ ਹਿੱਤਾਂ ਦੀ ਰਾਖੀ ਤੋਂ ਵੀ ਮੂੰਹ ਮੋੜ ਲਿਆ ਹੈ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਨਿੱਜੀ ਸਵਾਰਥਾਂ ਦਾ ਖਮਿਆਜਾ ਭੁਗਤਨਾ ਪਵੇਗਾ।

ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਸੂਬੇ ਦੇ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰ ਦੇਣਾ ਹੈ ਕਿਉਂਕਿ ਪਹਿਲਾਂ ਜਿੱਥੇ ਪੰਥਕ ਕਹਾਉਂਦੀ ਪਾਰਟੀ ਵਲੋਂ ਬੇਅਦਬੀ ਦੇ ਮਾਮਲੇ ਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਉਥੇ ਹੀ ਹੁਣ ਪੰਜਾਬ ਦੇ ਕਿਸਾਨਾਂ ਵਿਰੁੱਧ ਜਾਰੀ ਆਰਡੀਨੈਂਸ ਦਾ ਵਿਰੋਧ ਨਾ ਕਰਕੇ ਕਿਸਾਨੀ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਚੁੱਕੇ ਕਦਮਾਂ ਨੂੰ ਦਲੇਰਾਨਾ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ ਵਲੋਂ ਪਾਸ ਮਤੇ ਨਾਲ ਕੈਪਟਨ ਅਮਰਿੰਦਰ ਸਿੰਘ ਵਲੋਂ ਉਹ ਇਤਿਹਾਸ ਦੁਹਰਾਇਆ ਗਿਆਹੈ ਜਦ ਉਨਾਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਦੇ ਪਾਣੀਆਂ ਸਬੰਧੀ ਸਮਝੌਤੇ ਨੂੰ ਰੱਦ ਕਰਕੇ ਸੂਬੇ ਦੇ 9 ਲੱਖ ਏਕੜ ਰਕਬੇ ਨੂੰ ਬੰਜਰ ਹੋਣ ਤੋਂ ਬਚਾਇਆ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਸੱਚਾ ਹਮਦਰਦ ਦੱਸਦਿਆਂ ਸ.ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਭਾਜਪਾ ਅਤੇ ਇਸਦੇ ਸਹਿਯੋਗੀਆਂ ਨੂੰ ਕਿਸਾਨਾਂ ਅਤੇ ਛੋਟੇ ਵਪਾਰੀਆਂ ਦੀ ਲੁੱਟ ਕਰਨ ਦੀ ਇਜਾਜਤ ਨਹੀਂ ਦਿਤੀ ਜਾਵੇਗੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨਾ ਸਿਰਫ ਵਿਧਾਨ ਸਭਾ ਸਗੋਂ ਸੂਬੇ ਭਰ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮੁਹਿੰਮ ਸ਼ੁਰੂ ਕਰੇਗੀ।

Previous articleਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂਂ ਕੈਦੀਆਂ ਵਾਸਤੇ ਲੋੜੀਦੀਆਂ ਵਸਤੂਆਂ ਦਿਤੀਆਂ ਗਈਆਂ
Next articleHaryana CM making satisfactory progress, says hospital