ਨਵੀਂ ਦਿੱਲੀ (ਸਮਾਜ ਵੀਕਲੀ) : ਸੀਨੀਅਰ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਲਖੀਮਪੁਰੀ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਤਰਫੋਂ ਜਤਿਨ ਪ੍ਰਸਾਦ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਕਿਹਾ ਹੈ ਕਿ ਪਾਰਟੀ ਨੂੰ ਆਪਣੇ ਲੋਕਾਂ ’ਤੇ ਸਰਜੀਕਲ ਸਟ੍ਰਾਈਕ ਕਰਨ ਨਾਲੋਂ ਭਾਜਪਾ ’ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਸਾਦ ਨੂੰ ‘ਅਧਿਕਾਰਤ ਨਿਸ਼ਾਨਾ’ ਬਣਾਉਣਾ ਮੰਦਭਾਗਾ ਹੈ।
.ਸਿੱਬਲ ਨੇ ਟਵੀਟ ਕੀਤਾ, ‘ਇਹ ਮੰਦਭਾਗਾ ਹੈ ਕਿ ਜਤਿਨ ਪ੍ਰਸਾਦ ਨੂੰ ਅਧਿਕਾਰਤ ਤੌਰ ’ਤੇ ਉੱਤਰ ਪ੍ਰਦੇਸ਼ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਨੂੰ ਸਰਜੀਕਲ ਸਟ੍ਰਾਈਕ ਭਾਜਪਾ ’ਤੇ ਕਰਨਾ ਚਾਹੀਦਾ ਹੈ ਨਾ ਕਿ ਆਪਣੇ ਲੋਕਾਂ ’ਤੇੇ। ਉਨ੍ਹਾਂ ਦੇ ਇਸ ਟਵੀਟ ’ਤੇ ਅਸਿੱਧੇ ਤੌਰ ’ਤੇ ਸਹਿਮਤ ਹੁੰਦੇ ਹੋਏ, ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਟਵੀਟ ਕੀਤਾ,“ ਭਵਿੱਖ ਦੇ ਜਾਣਕਾਰ।”ਖ਼ਬਰਾਂ ਅਨੁਸਾਰ ਲਖੀਮਪੁਰੀ ਖੀਰੀ ਕਾਂਗਰਸ ਕਮੇਟੀ ਨੇ ਪੰਜ ਮਤੇ ਪਾਸ ਕੀਤੇ ਹਨ, ਜਿਨ੍ਹਾਂ ਵਿਚੋਂ ਇਕ ਜਤਿਨ ਪ੍ਰਸਾਦ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਸਿੱਬਲ, ਤਿਵਾੜੀ ਅਤੇ ਪ੍ਰਸਾਦ ਉਨ੍ਹਾਂ 23 ਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ ਜਿਸ ਵਿਚ ਕਾਂਗਰਸ ਦੇ ਸੰਗਠਨ, ਸਮੂਹਿਕ ਲੀਡਰਸ਼ਿਪ ਅਤੇ ਪੂਰੇ ਸਮੇਂ ਦੇ ਪ੍ਰਧਾਨ ਦੀ ਮੰਗ ਕੀਤੀ ਗਈ ਸੀ।