ਅਜ਼ਾਦੀ ਫਿਜਾਵਾਂ ਦਾ ਅਨੁਭਵ

ਗੁਰਜੀਤ ਕੌਰ ਮੋਗਾ

(ਸਮਾਜ ਵੀਕਲੀ)

ਰਾਜ ਬੜੇ ਸਰਲ ਜਿਹੇ ਸੁਭਾਅ ਵਾਲੀ ਪਿੰਡ ਦੀ ਜੰਮਪਲ ਕੁੜੀ ਸੀ ਉਹ ਆਪਣੇ ਚਾਰ ਭਰਾਵਾਂ ਚੋਂ ਛੋਟੀ ਸੀ। ਦਸਵੀਂ ਤੱਕ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ ਤੋਂ ਹੀ ਕੀਤੀ ਤੇ ਦੋ ਸਾਲ ਕਢਾਈ ਸਿਲਾਈ ਦਾ ਕੋਰਸ ਆਪਣੇ ਵੱਡੇ ਭਰਾ ਭਰਜਾਈ ਕੋਲ ਸ਼ਹਿਰ ‘ਚ ਰਹਿ ਕੇ ਕੀਤਾ ਸੀ। ਹੁਣ ਰਾਜ ਸਿਲਾਈ ਕਢਾਈ ਦੇ ਨਾਲ ਨਾਲ ਘਰ ਦੇ ਸਾਰੇ ਕੰਮਾਂ ‘ਚ ਵੀ ਪੂਰੀ ਤਰ੍ਹਾਂ ਨਿਪੁੰਨ ਸੀ।

ਰਾਜ ਰੰਗ ਭਾਵੇਂ ਪੱਕੇ ਰੰਗ ਦੀ  ਸੀ ਪਰ ਸੁਭਾਅ ਪੱਖੋਂ ਪੂਰੀ ਨਰਮ ਤੇ ਸਮਝਦਾਰ ਸੀ। ਵੱਡੇ ਭਰਾਵਾਂ ਦੇ ਵਿਆਹ ਤੋਂ ਬਾਅਦ ਰਾਜ ਦੀ ਮਾਂ ਬੀਮਾਰ ਰਹਿਣ ਲੱਗ ਪਈ ਤੇ ਛੇਤੀ ਹੀ ਰਾਜ ਦੇ ਸਿਰੋਂ ਮਾਂ ਦਾ ਸਾਇਆ ਉੱਠ ਗਿਆ। ਰਾਜ ਦਾ ਪਿਓ ਜੋ ਰਾਜਗਿਰੀ ਦਾ ਕੰਮ ਕਰਦਾ ਸੀ।
ਪਤਨੀ ਦੇ ਤੁਰ ਜਾਣ ਤੋਂ ਬਾਅਦ ਪਿਤਾ ਨੂੰ  ਰਾਜ ਦਾ ਡਾਹਢਾ ਫਿਕਰ ਰਿਹਾ ਕਰਦਾ ਸੀ। ਰਾਜ ਹੁਣ ਆਵਦੀਆਂ ਦੀਆਂ ਭਰਜਾਈਆਂ ਦੇ ਵੱਸ ਪੈ ਗਈ ਤੇ ਸਾਰਾ ਦਿਨ ਉਸ ਦਾ ਘਰ ਦੇ ਗੋਲਪੁਣੇ ਵਿੱਚ ਹੀ ਨਿਕਲ ਜਾਂਦਾ ।ਅੱਲ੍ਹੜਪੁਣੇ ਵਾਲੀ ਉਮਰ ਦੇ ਚਾਅ ਸਹੇਲੀਆਂ ਨਾਲ ਨੱਚਣਾ, ਟੱਪਣਾ ਤੇ ਖੇਡਣਾ ਸਭ ਘਰ ਦੇ ਧੰਦੇ ਦੀ ਭੇਟ ਚੜ੍ਹ ਗਏ।

ਰਾਜ ਦੇ ਪਿਓ ਨੂੰ ਜਵਾਨ ਧੀ ਦਾ ਫ਼ਿਕਰ ਵੱਢ ਵੱਢ ਖਾਂਦਾ ਸੀ। ਉਹ ਇਹੀ ਸੋਚਦਾ ਰਹਿੰਦਾ ਕਿ ਉਹ ਕਦੋਂ ਰਾਜ ਦੇ ਹੱਥ ਪੀਲੇ ਕਰੇ ਤੇ ਕੁੜੀ ਆਪਣੇ ਘਰ ਜਾਵੇ ।  ਕਿਤੇ ਕਿਤੇ ਰਾਜ ਤੇ ਉਸਦਾ ਪਿਤਾ ਇਕੱਲਿਆਂ ਬੈਠ ਕੇ ਡਾਹਢਾ ਦੁੱਖ ਸੁੱਖ ਕਰਿਆ ਕਰਦੇ। ਪਿਓ ਤੋਂ ਚੋਰੀ ਚੋਰੀ ਰਾਜ ਵੀ ਮਾਂ ਨੂੰ ਬਹੁਤ  ਯਾਦ ਕਰਿਆ ਕਰਦੀ ਤੇ ਇਕੱਲੀ ਬੈਠ ਕੇ ਰੋ ਲਿਆ ਕਰਦੀ। ਕਈ ਵਾਰ ਉਹ ਭਰਜਾਈਆਂ ਦੇ ਗੁੱਸੇ ਦਾ ਸ਼ਿਕਾਰ ਵੀ ਹੋ ਜਾਂਦੀ ਪਰ ਸਭ ਕੁਝ ਆਪਣੇ ਮਨ ਵਿੱਚ ਦਫਨਾ ਲੈਂਦੀ। ਸਮਾਂ ਬੀਤਿਆ ਰਾਜ ਦੇ ਭਰਾਵਾਂ ਨੇ ਉਸ ਦਾ ਰਿਸ਼ਤਾ ਸ਼ਹਿਰ ‘ਚ ਪੱਕਾ ਕਰ ਦਿੱਤਾ।ਰਾਜ ਦਾ ਵਿਆਹ ਹੋਇਆ।

ਆਪਣੇ ਅਰਮਾਨਾਂ ਦੀ ਪੋਟਲੀ ਦਿਲ ਚ ਸਮੋ ਕੇ ਖ਼ੁਸ਼ੀ ਖ਼ੁਸ਼ੀ ਸਹੁਰੇ ਘਰ ਰਹਿਣ ਲੱਗੀ। ਪਤੀ ਰਣਜੀਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਉਸ ਦਾ ਪਿਤਾ ਮਾਨਸਿਕ ਪੱਖੋਂ ਪ੍ਰੇਸ਼ਾਨ ਰਹਿੰਦਾ ਤੇ ਇਸ ਦੇ ਚਲਦਿਆਂ ਘਰ ਦੀ ਸਾਰੀ ਜ਼ਿੰਮੇਵਾਰੀ ਰਣਜੀਤ ਦੇ ਸਿਰ ਤੇ ਪੈ ਗਈ। ਕਈ ਵਾਰ ਰਾਜ ਨੂੰ ਆਪਣੇ ਪੱਕੇ ਰੰਗ ਦੇ ਹਨੋਰੇੇ ਵੀ ਸੁਣਨੇ ਪੈਂਦੇ ਪਰੰਤੂ ਉਹ ਚੁੱਪ ਚਾਪ ਬਰਦਾਸ਼ਤ ਕਰ ਲੈਂਦੀ।ਰਾਜ ਬੜੀ ਸਹਿਣਸ਼ੀਲਤਾ ਵਾਲੀ ਸੀ।ਘਰ ਵਿੱਚ ਕਈ ਵਾਰ ਝਗੜਾ ਹੋ ਜਾਂਦਾ  ਉਹ ਜਜ਼ਬਾਤੀ  ਤਾਂ  ਹੁੰਦੀ ਪਰੰਤੂ ਅੰਦਰਲੇ ਜਜ਼ਬਾਤ ਉਸਦੇ ਹੰਝੂ ਬਣ ਕੇ ਹੀ ਅੱਖਾਂ ‘ਚੋਂ ਹੀ ਛਲਕਦੇ ,ਉਹ ਕਦੇ ਜੁਬਾਨ ਤੇ ਨਾ ਲਿਆਉਂਦੀ।

ਰਣਜੀਤ ਵੀ ਬੜੇ ਨਰਮ ਤੇ ਠਰੰਮੇ ਸੁਭਾਅ ਵਾਲਾ ਸੀ।ਸਾਕ ਸੰਬੰਧੀ ਤਾਂ “ਇਹ ਦੋਵੇਂ ਜੀਅ ਸਤਯੁੱਗ ਦੇ ਜਾਏ ਹਨ” ਵਰਗੇ ਸ਼ਬਦ ਵਰਤਦੇ।ਇਨ੍ਹਾਂ ਦੋਨਾਂ ਦੀ ਨਿਮਰਤਾ ਦਾ ਕੋਈ ਮੁੱਲ ਨਹੀਂ। ਰਣਜੀਤ ਦੀ ਮਾਂ ਵੀ ਸ਼ਾਂਤ ਸੁਭਾਅ ਵਾਲੀ ਸੀ। ਰਾਜ ਨੂੰ  ਉਸ ਨੂੰ ਆਪਣੇ ਬਾਪ ਦੇ ਕਹੇ ਬੋਲ ਯਾਦ ਆਉਣ ਲੱਗਦੇ ਕਿ “ਧੀਏ ਮੇਰਾ ਕੀ ਕਦੋਂ ਤੁਰ ਜਾਣਾ ਐ, ਤੂੰ ਸਿਆਣੀ ਬਣ ਕੇ ਆਪਣੇ ਘਰ ਰਹੀ।”

ਸਮਾਂ ਬੀਤਦਾ ਗਿਆ ਰਾਜ ਸਹੁਰੇ ਪਰਿਵਾਰ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਗਈ ਪਰ ਰਾਜ ਦੇ ਭਰਾ ਭਰਜਾਈਆਂ ਉਸ ਦੀ ਬਹੁਤ ਖ਼ਬਰਸਾਰ ਨਾ ਲੈਂਦੇ। ਦਿਨ ਦਿਹਾਰ ਤੇ ਵੀ ਉਹ ਘੱਟ ਹੀ ਰਾਜ ਕੋਲ ਆਇਆ ਕਰਦੇ ।ਰਾਜ ਦੇ ਸੱਸ ਸਹੁਰੇ ਨੇ ਵੀ ਮਾਂ ਪਿਓ ਦੀ ਕਮੀ ਨਾ ਮਹਿਸੂਸ ਨਹੀਂ ਹੋਣ ਦਿੱਤੀ।

ਰਾਜ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਰਣਜੀਤ ਨੇ ਆਪਣੀਆਂ ਦੋਨਾਂ ਭੈਣਾਂ ਦਾ ਵਿਆਹ ਕਰ ਦਿੱਤਾ। ਰਾਜ ਦੀ ਛੋਟੀ ਨਨਾਣ ਤਾਂ ਅਜੇ ਅੱਠਵੀਂ ਕਲਾਸ ‘ਚ ਹੀ ਪੜ੍ਹਦੀ ਸੀ। ਉਹ ਰਾਜ ਤੋਂ ਕਾਫੀ ਛੋਟੀ ਸੀ। ਰਾਜ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ । ਇੱਕ ਲੜਕੀ ਤੇ ਇਕ ਲੜਕਾ। ਸਮਾਂ ਆਪਣੀ ਚਾਲਦਾ ਰਿਹਾ ..

ਰਣਜੀਤ ਦਾ ਪਿਤਾ ਇਸ ਦੁਨੀਆਂ ਤੋਂ ਚੱਲ ਵਸਿਆ।ਜ਼ਿੰਮੇਵਾਰੀਆਂ ਦਾ ਬੋਝ ਵੱਧਦਾ ਗਿਆ। ਹੁਣ ਰਾਜ ਨੂੰ ਪੇਕਿਆਂ ਦੀ ਬਹੁਤ ਯਾਦ ਆਉਂਦੀ । ਉਹ ਆਪਣੇ ਪਤੀ ਨਾਲ ਜਾ ਕੇ ਹੀ ਮਿਲ ਆਇਆ ਕਰਦੀ। ਮਾਂ ਦੇ ਵਿਹੜੇ ‘ਚ ਤਾਂ ਹੁਣ ਭਰਜਾਈਆਂ ਦਾ ਰਾਜ ਸੀ ਇਸ ਲਈ ਰਾਜ ਨੂੰ ਉੱਥੇ ਰਹਿਣਾ ਨਸੀਬ ਨਾ ਹੁੰਦਾ।  ਉਹ ਸਬਰ ਦਾ ਘੁੱਟ ਭਰ ਲੈਂਦੀ।

ਸਮਾਂ ਪਾ ਕੇ ਰਣਜੀਤ ਨੇ ਆਪਣੀ ਤੀਜੀ ਭੈਣ ਦਾ ਵਿਆਹ ਵੀ ਕਰ ਦਿੱਤਾ। ਹੁਣ ਰਾਜ ਦੇ ਬੱਚੇ ਵੀ ਵੱਡੇ ਹੋ ਗਏ ਸਨ। ਰਣਜੀਤ ਦੀਆਂ ਜ਼ਿੰਮੇਵਾਰੀਆਂ ਨੇ ਕਦੇ ਉਸ ਨੂੰ ਰਾਜ ਦੇ ਸੁਪਨਿਆਂ ਬਾਰੇ ਸੋਚਣ ਹੀ ਨਹੀਂ ਦਿੱਤਾ। ਕਬੀਲਦਾਰੀਆਂ ਦੇ ਫਰਜ਼ ਨਿਭਾਉਂਦਿਆਂ ਰਾਜ ਦੇ ਅਰਮਾਨ ਪਿਸਦੇ ਚਲੇ ਗਏ। ਅਚਾਨਕ ਇੱਕ ਦਿਨ ਰਾਜ ਦੀ ਛੋਟੀ ਨਨਾਣ ਰਿੰਪੀ ਸਹੁਰਿਆਂ ਨਾਲ ਲੜ੍ਹ ਕੇ ਪੇਕੇ ਆ ਗਈ । ਉਹ ਦੋ ਕੁ ਸਾਲ ਦਾ ਮੁੰਡਾ ਵੀ ਨਾਲ ਲੈ ਆਈ।

ਰਿੰਪੀ ਦਾ ਸਹੁਰਿਆਂ ਨਾਲ ਕਾਟੋ ਕਲੇਸ਼ ਇੰਨਾ ਵੱਧ ਗਿਆ ਸੀ ਕਿ ਗੱਲ ਕਚਿਹਰੀਆਂ ਤੱਕ ਪਹੁੰਚ ਗਈਆਂ। ਰਿੰਪੀ ਦੇ ਅੜੀਅਲ ਸੁਭਾਅ ਵਾਲੇ ਫੈਸਲੇ ਨੇ ਸਾਰੇ ਪਰਿਵਾਰ ਦਾ ਲੱਕ ਤੋੜ ਦਿੱਤਾ ਕਿ ਉਹ ਕਦੇ ਵਿਆਹ ਨਹੀਂ ਕਰਵਾਏਗੀ ਤੇ ਮੁੰਡਾ ਪੇਕੇ ਘਰ ਰਹਿ ਕੇ ਹੀ ਪਾਲੇਗੀ।
ਪੰਦਰਾਂ ਸਾਲ ਰਿੰਪੀ ਦੇ ਨਾਲ ਕਚਹਿਰੀਆਂ ਦੇ ਧੱਕੇ ਖਾਂਦਾ ਰਣਜੀਤ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ।ਕਈ ਵਾਰ ਰਿੰਪੀ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹ ਤਲਾਕ ਦੇ ਕੇ ਹੋਰ ਵਿਆਹ ਕਰਵਾ ਲਏ ਪਰ ਰਿੰਪੀ ਟੱਸ ਤੋਂ ਮੱਸ ਨਾ ਹੋਈ।

ਸੋਲਾਂ ਸਤਾਰਾਂ  ਸਾਲ ਬਾਅਦ ਰਿੰਪੀ ਦਾ ਤਲਾਕ ਹੋਇਆ। ਤਲਾਕ ਦੇ ਬਾਅਦ ਵੀ ਰਿੰਪੀ ਆਪਣੇ ਫੈਸਲੇ ਤੇ ਅਟੱਲ ਰਹੀ। ਰਾਜ ਲਈ ਇੰਨਾ ਲੰਮਾ ਸਮਾਂ ਨਨਾਣ ਨੂੰ  ਘਰੇ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।  ਉਹ ਘੁੱਟ ਘੁੱਟ ਕੇ ਜੀਅ ਰਹੀ ਸੀ ਜੋ ਸੁਪਨੇ ਸਜਾ ਕੇ ਉਹ ਪਤੀ ਦੇ ਘਰ ਆਈ ਸੀ, ਉਹ ਇੱਕ ਇੱਕ ਕਰਕੇ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ। ਰਾਜ ਦੀ ਇਸ ਕਾਰਜਕਾਰੀ ਨੂੰ ਦੇਖ ਸਾਕ ਸਬੰਧੀ ਸਲਾਹੁੰਦੇ ਨਾ ਥੱਕਦੇ। ਉਨ੍ਹਾਂ ਨੂੰ ਰਾਜ ਦਾ ਕਿਰਦਾਰ ਕਿਸੇ ਦੇਵੀ ਤੋਂ ਘੱਟ ਨਹੀਂ ਸੀ ਲੱਗਦਾ। ਰਾਜ ਬਲੀਦਾਨ ਦੀ ਮੂਰਤ ਬਣ ਚੁੱਕੀ ਸੀ।

ਉਸ ਨੇ ਆਪਣਾ ਮਨ ਸਮਝਾ ਲਿਆ ਸੀ । ਜ਼ਿੰਦਗੀ ਨਾਲ ਸਮਝੌਤਾ ਕਰਨ ਤੋਂ ਬਿਨਾਂ ਉਸ ਕੋਲ ਕੋਈ ਹੋਰ ਚਾਰਾ ਨਹੀਂ ਸੀ। ਰਾਜ ਦਾ ਪਤੀ ਇਕੱਲਾ ਕਮਾਊ ਸਾਰੇ ਪਰਿਵਾਰ ਨੂੰ ਪਾਲਦਾ ਸੀ। ਕਮਾਈ ਘੱਟ ਹੋਣ ਕਰਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਣ ਲੱਗਿਆ।
ਦੂਜਾ ਘਰੇ ਬੈਠੀ ਭੈਣ ਤੇ ਉਸ ਦਾ ਮੁੰਡਾ  ਰਮਨ, ਰਣਜੀਤ ਤੇ ਰਾਜ ਲਈ ਕਿਸੇ ਸੱਲ ਤੋਂ ਘੱਟ ਨਹੀਂ ਸਨ। ਸਿਆਣੇ ਦੇ ਕਹਿੰਦੇ ਹਨ ਕਿ “ਪੇਕੇ ਰਹਿੰਦੀ ਧੀ ਭਰਾਵਾਂ ਦੀ ਸ਼ਰੀਕ ਬਣ ਜਾਂਦੀ ਹੈ, ਨਾਲੇ ਵਿਆਹੀ ਵਰੀ ਧੀ ਤਾਂ ਘਰੇ ਰੱਖਣੀ ਬਹੁਤ ਔਖੀ ਹੁੰਦੀ  ਹੈ।”

ਵਕਤ ਗੁਜ਼ਰਦਾ ਗਿਆ। ਰਾਜ ਦੇ ਆਪਣੇ ਬੱਚੇ ਵੀ ਜਵਾਨ ਹੋ ਗਏ ਸਨ। ਨਨਾਣ ਦੇ ਘਰੇ ਬੈਠਣ ਨਾਲ ਰਾਜ ਦੀ ਮੱਤ ਮਾਰੀ ਰਹਿੰਦੀ ਤੇ ਉਹ ਆਪਣੇ ਬੱਚਿਆਂ ਵੱਲ ਵੀ ਬਹੁਤਾ ਧਿਆਨ ਨਾ ਦੇ ਪਾਉਂਦੀ। ਵਕਤ ਨੇ ਐਸੀ ਚਾਲ ਚੱਲੀ ਰਾਜ ਦੇ ਮੁੰਡੇ ਨੇ ਪ੍ਰੇਮ ਵਿਆਹ ਕਰ ਲਿਆ ਤੇ ਚੰਡੀਗੜ੍ਹ ਵੱਸਣ ਲੱਗ ਗਿਆ।  ਰਾਜ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।  ਸ਼ਰੀਕੇ ਵਿੱਚ ਥੂ ਥੂ ਹੋ ਗਈ। ਇਸ ਨਮੋਸ਼ੀ ਦਾ ਸਿਹਰਾ ਵੀ ਰਾਜ ਦੇ ਸਿਰ ਬੰਨਿਆ ਗਿਆ।  ਇਸ ਦੀ ਜ਼ਿੰਮੇਵਾਰੀ ਵੀ ਰਾਜ ਸਿਰ ਪੈ ਗਈ ਕਿ ਉਸ ਨੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ।

ਪੁੱਤ ਦੀ ਗਲਤੀ ਦੇ ਤਾਹਨੇ ਮਿਹਣੇ ਕਈ ਵਾਰ ਆਪਣੇ ਪਰਿਵਾਰ ਤੋਂ ਸੁਣਨੇ ਪੈਂਦੇ ਸਨ। ਪਰ ਉਹ ਸਬਰ ਤੇ ਸੰਤੋਖ ਦੀ ਮੂਰਤ ਬਣ ਟਾਈਮ ਟਪਾਉਂਦੀ ਰਹੀ ।ਉਸ ਦੇ ਪੇਕਿਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ” ਸਾਡੇ ਵੱਲੋਂ ਤੂੰ ਜਿਉਂਦੀ ਮਰ ਗਈ ।” ਰਾਜ ਕੋਲ ਝੂਰਨ ਤੋਂ ਬਿਨਾਂ ਹੋਰ ਕੁਝ ਨਹੀਂ ਬਚਿਆ ਸੀ। ਚੰਗੇ ਦਿਨਾਂ ਦੀ ਆਸ ਉਸ ਦੇ ਅੰਦਰੋਂ ਖੰਭ ਲਾ ਕੇ ਉੱਡ ਗਈ ਸੀ। ਨਿਰਾਸ਼ਾ ਦੇ ਘੁੰਮਣ ਘੇਰੀਆਂ ‘ਚ ਉਸਦੇ ਦਿਨ ਲੰਘਦੇ ਗਏ। ਪੁੱਤਰ ਮੋਹ ਦੇ ਵਿਯੋਗ ‘ਚ ਉਹ ਕਈ ਵਾਰ ਇਕੱਠੀ ਇਕੱਲੀ ਬੈਠ ਕੇ ਰੋ ਲੈਂਦੀ। ਆਖਰਕਾਰ ਮਾਂ ਸੀ।

ਮੁੰਡੇ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋਇਆ ਤਾਂ ਰਾਜ ਦੇ ਜ਼ਖ਼ਮ ਭਰਨ ਲੱਗੇ ।ਮਾਂ ਪੁੱਤਾਂ ਦੀ ਫੋਨ ਤੇ ਗੱਲਬਾਤ ਹੋਣ ਲੱਗੀ ।
ਪੰਜ ਸਾਲ ਬਾਅਦ ਰਾਜ ਦੇ ਪੁੱਤ ਧੀਰੇ ਦੇ ਘਰ ਲੜਕੇ ਨੇ ਜਨਮ ਲਿਆ। ਹੁਣ ਧੀਰੇ ਨੂੰ ਮਾਂ ਦੀ ਸਖ਼ਤ ਜ਼ਰੂਰਤ ਸੀ  ਬੱਚੇ ਨੂੰ ਸਾਂਭਣ ਲਈ।ਧੀਰ ਆਪਣੀ  ਮਾਂ ਰਾਜ ਨੂੰ ਆਪਣੇ ਕੋਲ ਲੈ ਗਿਆ। ਮਾਂ ਦੀਆਂ ਆਂਦਰਾਂ  ਜੋ ਪੁੱਤ ਦੇ ਵਿਯੋਗ ‘ਚ ਪੁੱਝਦੀਆਂ ਰਹਿੰਦੀਆਂ ਸਨ ‘ ਨੂੰ ਪੁੱਤਰ ਮੋਹ ਦੀ ਠੰਢੀ ਹਵਾ ਦੇ ਝੋਕੇ ਨੇ ਉਸ ਨੂੰ ਸੀਲ ਕਰ ਦਿੱਤਾ। ਜਿਹੜੀ ਰਾਜ ਤੀਹਾਂ ਬੱਤੀਆਂ ਸਾਲਾਂ ਵਿੱਚ ਕਦੇ ਕਿਤੇ ਰਹਿਣ ਨਹੀਂ ਗਈ ,ਕੁਝ ਸਮੇਂ ਪੁੱਤ ਕੋਲ ਰਹਿਣ ਲਈ ਚਲੀ ਗਈ।

ਸਮਾਂ ਪਾ ਕੇ ਨੂੰਹ ਪੁੱਤ ਨੌਕਰੀ ਤੇ ਜਾਣ ਲੱਗੇ।ਉਹ ਘਰੇ ਮੁੰਡਾ ਸਾਂਭਦੀ।  ਰਾਜ ਹੁਣ  ਪੋਤੇ ‘ਚ ਮਸਤ ਰਹਿਆ ਕਰਦੀ।  ਕਦੇ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਕਿ “ਆਹ ਵੀ ਇੱਕ ਜ਼ਿੰਦਗੀ ਹੈ ਕਿਸੇ ਦੀ ਹਿੜਕ-ਝਿੜਕ  ਨਹੀਂ ,ਉਸ ਦਾ ਨੂੰਹ ਪੁੱਤ ਉਸ ਦੀ ਪੂਰੀ ਇੱਜ਼ਤ ਕਰਦੇ  ।”  ਆਪਣੇ ਵਿਆਹ ਦੇ ਤਿੰਨ ਦਹਾਕਿਆਂ ਬਾਅਦ ਉਸ ਨੇ ਆਜ਼ਾਦ ਫ਼ਿਜ਼ਾਵਾਂ ‘ਚ ਲੰਮਾ ਸਾਹ ਲਿਆ। ਇਹ ਪਲ ਉਸ ਲਈ ਰੱਬ ਵਜੋਂ ਦਿੱਤੇ ਕਿਸੇ ਤੋਹਫੇ ਤੋਂ ਘੱਟ ਨਹੀਂ ਸਨ। ਉਸਦੀ ਅੰਦਰਲੀ ਔਰਤ ਹੁਣ ਜ਼ਿੰਦਾ ਹੋ ਗਈ ਸੀ ਤੇ ਆਪਣੇ ਅਨੁਭਵ ਉਹ ਸਾਰਿਆਂ ਨਾਲ ਫੋਨ ਤੇ ਹੱਸ ਹੱਸ ਕੇ ਸਾਂਝੇ ਕਰਨ ਲੱਗੀ।

ਕੁਝ ਮਹੀਨਿਆਂ ਬਾਅਦ ਉਹ ਫਿਰ ਵਾਪਸ ਆਪਣੇ ਘਰ ਆ ਗਈ। ਉੱਥੇ ਬਿਤਾਏ ਦਿਨ ਉਸ ਨੂੰ ਇੱਕ ਜਸ਼ਨ ਵਾਂਗ ਲੱਗਦੇ ਸਨ।ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਸਵਰਗ ਵਿੱਚ ਰਹੀ ਹੋਵੇ।  ਉਹ ਜਦੋਂ ਵੀ ਚੰਡੀਗੜ੍ਹ ਦੀਆਂ ਯਾਦਾਂ ਦੀ ਪਟਾਰੀ ਖੋਲ੍ਹਦੀ ਤਾਂ ਉਸ ਦਾ ਮਨ ਸਰੂਰ ਨਾਲ ਭਰ ਜਾਂਦਾ ਪਰ ਘਰ ਦੇ ਹਾਲਾਤਾਂ ਨੇ ਅਹਿਸਾਸ ਦਵਾਇਆ ਕਿ ਜਿੰਦਗੀ ਦੇ ਅਜੇ ਕੁਝ ਗਮ ਵੀ ਬਾਕੀ ਨੇ।

ਗੁਰਜੀਤ ਕੌਰ ਮੋਗਾ
[email protected]

Previous articleCrime in England, Wales decline amid pandemic lockdown
Next articleਮਿੱਟੀ ਹਾਂ