ਇਸਲਾਮਾਬਾਦ (ਸਮਾਜ ਵੀਕਲੀ) : ਯੂਐੱਸ ਇੰਸਟੀਚਿਊਟ ਆਫ਼ ਪੀਸ (ਯੂਐੱਸਆਈਪੀ) ਨੇ ਆਪਣੀ ਇਕ ਰਿਪੋਰਟ ਦੇ ਹਵਾਲੇ ਨਾਲ ਕੀਤੀ ਸਮੀਖਿਆ ’ਚ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਚਾਹੁਣ ਤਾਂ ਕਸ਼ਮੀਰ ਮੁੱਦੇ ਨੂੰ ਮੁਸ਼ੱਰਫ਼-ਮਨਮੋਹਨ ਕਰਾਰ ਆਪਸੀ ਸਹਿਮਤੀ ਨਾਲ ਲਾਗੂ ਕਰਕੇ ਨਿਬੇੜਿਆ ਜਾ ਸਕਦਾ ਹੈ। ਵਾਸ਼ਿੰਗਟਨ ਅਧਾਰਿਤ ਥਿੰਕ ਟੈਂਕ ਵੱਲੋਂ ਤਿਆਰ ਇਸ ਰਿਪੋਰਟ ਲਈ ਫੰਡਿੰਗ ਅਮਰੀਕੀ ਕਾਂਗਰਸ ਨੇ ਮੁਹੱਈਆ ਕੀਤੀ ਹੈ।
ਰਿਪੋਰਟ ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਮਨਸੂਖ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਗਈ ਹੈ। ਰਿਪੋਰਟ ਮੁਤਾਬਕ ‘ਕਸ਼ਮੀਰ ਵਿੱਚ ਕੀਤੇ ਸੰਵਿਧਾਨਕ ਤੇ ਸਿਆਸੀ ਫੇਰਬਦਲ ਲਈ ਨਵੀਂ ਦਿੱਲੀ ਲਈ ਲਗਾਤਾਰ ਮੁਸ਼ਕਲਾਂ ਵਧ ਰਹੀਆਂ ਹਨ। ਅਗਸਤ 2019 ਮਗਰੋਂ ਕਸ਼ਮੀਰ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਹੋਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਨੂੰ ਅੰਦਰੂਨੀ ਤੇ ਮੁਕਾਮੀ ਮੁੱਦਾ ਦੱਸਣਾ ਮਹਿਜ਼ ਗਲਪ ਹੈ, ਜੋ ਕਿ ਵੱਡੀ ਗਿਣਤੀ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਦੇ ਸਿਰ ’ਤੇ ਕੀਤਾ ਜਾਂਦਾ ਹੈ। ਰਿਪੋਰਟ ਵਿੱਚ ਸਾਲ 2004-2007 ਦਰਮਿਆਨ ਪਾਕਿਸਤਾਨ ਦੇ ਸਾਬਕਾ ਸਦਰ ਪਰਵੇਜ਼ ਮੁਸ਼ੱਰਫ਼ ਤੇ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਰਮਿਆਨ ਪਰਦੇ ਪਿੱਛੇ ਹੋਏ ਕਰਾਰ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਸਭ ਤੋਂ ਬਿਹਤਰ ਹੱਲ ਦੱਸਿਆ ਗਿਆ ਹੈ।