ਮਿੱਟੀ ਹਾਂ

(ਸਮਾਜ ਵੀਕਲੀ)
ਯਾਰ ਨਚਾਵੇ …..ਨੱਚੀ ਜਾਨਾਂ
ਹੋ—–ਮਿੱਟੀ ਹਾਂ ਮੈਂ ਮਿੱਟੀ, ਮਿੱਟੀ ਦਾ ਮੈ ਬਾਵਾ
ਮਿੱਟੀ ਹਾਂ ਮੈਂ ਮਿੱਟੀ..ਮਿੱਟੀ ਦਾ ਮੈ ਬਾਵਾ…
ਮੁੜ ਹੋ ਜਾਣਾ ….ਫਿਰ ਤੋਂ ਮਿੱਟੀ
ਕਿਉਂ ਫਿਰ ਮੈਅ-ਮੇਰੀ ਦਾ ਐਵੇਂ ਕਰਦਾਂ  ਦਾਅਵਾ
ਹੋ—ਮਿੱਟੀ ਹਾਂ ਮੈਂ———–
ਕਿੱਥੇ , ਕੀ ਸਾਂ ਜਨਮੋਂ ਪਹਿਲਾਂ, ਹੋਂਦ ਮੇਰੀ,
ਨਾ ਮੈਂ ਖੁਦ ਨੂੰ ਹੀ ਜਾਣਾ
ਕਿਸ ਸਫ਼ਰ ਦਾ ਰਾਹੀਂ ਹਾਂ ਮੈਂ , ਮੰਜਿਲ ਕਿਹੜੀ,
ਕਿਸ ਥਾਂ ਯਾਰ ਠਿਕਾਣਾ
ਬਖਸ ਖੁਦਾਈ ਦਿੱਤੀ ਕਿਸ ਡਾਹਡੇ ਨੇ
ਅੰਦਰ ਬਾਲਿਆ ਲਾਵਾ
ਹੋ—-ਮਿੱਟੀ ਹਾਂ ਮੈਂ ਮਿੱਟੀ————
ਸ਼ੀਸ਼ੇ ਦੇਖਾਂ, ਮੁੱਖ ਨਿਹਾਰਾਂ ਬਾਹਰੋਂ ਹਰ ਦਮ
ਅੰਦਰ ਝਾਤ ਨਾ ਮਾਰਾਂ
ਕੂੜ ਵਿਕਾਰਾਂ ਨਾਲ ਭਰਿਆ, ਅੰਦਰ ਗਲਿਆ
ਸੂਰਤ ਖੂਬ ਨਿਖਾਰਾਂ
ਸ਼ੁਕਰ ਕਦੇ ਨਾ– ਓਸ ਖਸਮ ਦਾ ਕੀਤਾ
ਜਿਸ ਮਾਣ ਬਖਸ਼ਿਆ ਵਾਹਵਾ
ਹੋ—-ਮਿੱਟੀ ਹਾਂ ਮੈਂ ਮਿੱਟੀ————
ਚੰਮ ‘ਚ ਰੱਤ ਵਗਾਈ ਨਸਾਂ ਦਾ ਤਣ- ਤਣ ਤਾਣਾ
ਝੋਕੀ ਜਾਵੇ ਦਮ ਦਾ ਬਾਲਣ
ਰੂਹ ਦੀ ਮੰਜ਼ਿਲ ਕੀ ਹੈ , ਹੈ ਕਿਸ ਥਾਂ ਠਿਕਾਣਾ
ਕਰਦੇ ਮੁਰਸ਼ਦ ਚਾਨਣ
ਮਿਲ ਜਾਵੇ  ਮੇਰਾ ਯਾਰ ਮੁਸੱਵਰ, ਹੱਥ ਮੈਂ ਚੁੰਮਲਾਂ
ਚਰਨ ਬਣਾਲਾਂ ਕਾਅਬਾ
ਹੋ—-ਮਿੱਟੀ ਹਾਂ ਮੈਂ—————
ਰੰਗ ਭਰੇ ਕਾਇਨਾਤ ਜਿਹੇ  ਨਕਸ਼ਾਂ ਉਪਰ
ਹਾਸੇ ,ਸੁਰਖ਼ ਦੰਦਾਸੇ
ਨਜ਼ਰਾਂ ਅੰਦਰ ਆਪ ਵਸੇਂਦਾ, ਦਿਸਦਾ ਹੈ ਨਈਂ
ਓਹ ਹੀ ਆਸੇ- ਪਾਸੇ
ਨੱਚੀ ਜਾਵਾਂ, ਪੈ ਪੈ ਕੁਰਾਹੇ, ਜਿਉਂ ਵੇਸਵਾ
ਰੂਹ ਮੁਜ਼ਰੇ ਵਿਚ ਨਚਾਵਾ
ਹੋ—-ਮਿੱਟੀ ਹਾਂ ਮੈਂ———–
ਇਸ਼ਕ ਸਾਂ ਉਸਦਾ,  ਓਹ ਹੀ ਦਿਲਬਰ ,ਮਾਲਿਕ
ਵੱਟਿਐ ਜਿਸ ਤੋਂ ਪਾਸਾ
ਪਲ ਸੇਜ ਮਾਹੀ ਦੀ ਕਦੇ ਕੋਲ ਬਹੇ ਨਾ
ਯਾਰ ਸੀ ਨਿਰਾ ਪਤਾਸਾ
ਬੁੱਕਲ਼ ਜਿਹਦੀ ਸਵਰਗ ਸੁਹਾਵੀ ਜੰਨਤ
ਯਾਰ ਮੇਰਾ ਓ ਰੱਬ,ਸ਼ਾਵਾ——
ਹੋ—-ਮਿੱਟੀ ਹਾਂ ਮੈਂ ਮਿੱਟੀ ————
ਆਖ ਦਿਓ ਮੇਰੇ ਸੋਹਣੇ ਨੂੰ ਉਹ “ਬਾਲੀ”
ਨੂੰ ਗਲ ਲਾ ਵੇ
ਰੋਂਦੀ ਜਿੰਦ ਬਿਰਹਾ ਵਿਚ ਤੜਫੇ “ਰੇਤਗੜੵ”
ਕਦੇ ਤਾਂ ਫੇਰਾ ਪਾ ਵੇ
ਉੱਚੀ ਕੰਧ ਕਰੀ ਜੋ ਉਸ ਵੱਲ ਆਪ ਹੀ
ਆ ਕੇ ਸਾਂਈ ਢਾਹ ਵੇ
ਮੁਆਫ਼ ਗੁਨਾਹ ਕਰ ਤੱਤੜੀ ਦੇ ਆ ਕੇ
ਦੇ ਜਾਹ  ਮੁੱਖ ਦਿਖਾਵਾ
ਹੋ—–ਮਿੱਟੀ ਹਾਂ ਮੈਂ ਮਿੱਟੀ———-
       ਬਲਜਿੰਦਰ ਸਿੰਘ “ਬਾਲੀ ਰੇਤਗੜੵ ‘
                       9465129168
Previous articleApple may cut costs on minor components for iPhone 12: Report
Next articleਰੁਲਦੂ ਨੂੰ ਬੋਲਣਾਂ ਪਿਆ ( 3 )