ਨਵੀਂ ਦਿੱਲੀ (ਸਮਾਜ ਵੀਕਲੀ) : ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੀਐੱਮ ਕੇਅਰਜ਼ ਫੰਡਾਂ ਨੂੰ ਹਰ ਤਰ੍ਹਾਂ ਦੀ ਪੜਤਾਲ ਤੋਂ ਬਚਾਅ ਰਹੀ ਹੈ। ਚਿਦੰਬਰਮ ਨੇ ਇਨ੍ਹਾਂ ਫੰਡਾਂ ਦੀ ਸਥਾਪਤੀ ’ਤੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, ‘ਇਹ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਪੀਐੱਮ ਕੇਅਰਜ਼ ਫੰਡਾਂ ਨੂੰ ਕਿਸੇ ਵੀ ਕਿਸਮ ਦੀ ਪੜਤਾਲ ਤੋਂ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ।’
ਉਨ੍ਹਾਂ ਟਵੀਟ ਕਰਕੇ ਸਵਾਲ ਕੀਤੇ, ‘ਕੀ ਇਹ ਫੰਡ ਕੇਂਦਰ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਹਨ?, ਜੇਕਰ ਨਹੀਂ ਤਾਂ ਫਿਰ ਇਹ ਫੰਡ ਕਿਸ ਨੇ ਅਤੇ ਕਿਸ ਆਧਾਰ ’ਤੇ ਸਥਾਪਤ ਕੀਤੇ ਹਨ? ਜੇਕਰ ਇਹ ਫੰਡ ਕੇਂਦਰ ਸਰਕਾਰ ਵੱਲੋਂ ਸਥਾਪਤ ਨਹੀਂ ਕੀਤੇ ਗਏ ਤਾਂ ਪ੍ਰਧਾਨ ਮੰਤਰੀ ਤੇ ਤਿੰਨ ਹੋਰ ਮੰਤਰੀ ਇਸ ਦੇ ਟਰੱਸਟੀ ਕਿਵੇਂ ਹਨ? ਉਨ੍ਹਾਂ ਨੂੰ ਟਰੱਸਟੀ ਕਿਸ ਨੇ ਨਿਯੁਕਤ ਕੀਤਾ?’