ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਨਿੱਕੇ ਹੁੰਦਿਆਂ ਤੂੰ ਲਾਡ ਲੜਾਏ
ਥੱਪਣ ਮਾਰ ਅੱਗੇ ਬੈਠ ਜਾਏਂ
ਹਾਕਾਂ ਮਾਰ ਤੂੰ ਮੈਨੂੰ ਬੁਲਾਏ
ਆਜਾ ਮੇਰਾ ਸੋਹਣਾ ਪੁੱਤ ਆ ਖਾਂ
ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਆਉਦੀਂ ਜਾਂਦੀ ਰਹਿੰਦੀ ਸੀ ਚੱਕਦੀ
ਲੋਰੀਆ ਦਿੰਦੀ ਕਦੇ ਨਾ ਥੱਕਦੀ
ਜਿਸ ਦਿਨ ਅਸੀਂ ਸੀ ਚੱਲਣ ਲੱਗੇ
ਓਸ ਦਿਨ ਧਰਤੀ ਤੇਰਾ ਪੈਰ ਨਾ ਲੱਗੇ
ਤੋਤਲੀ ਜ਼ੁਬਾਨ ਦੇ ਨਿੱਕੇ ਨਿੱਕੇ ਬੋਲ
ਸੁਣਦੀ ਸੀ ਤੂੰ ਬੈਠ ਕੋਲ-ਕੋਲ
ਤੇਰੀ ਇਸ ਮਮਤਾ ਦੀ ਸਿਫ਼ਤ ਕਿਵੇਂ ਕਰਾਂ
ਮਾ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਨਵ੍ਹਾ- ਧਵ੍ਹਾ ਕਾਲਾ ਟਿੱਕਾ ਸੀ ਲਾਉਂਦੀ
ਸਵਾਉਣ ਲਈ ਸੀ ਲੋਰੀ ਸਣਾਉਦੀ
ਲਾਡ ਲੜਾਉਂਦੀ ਬੱਚੀ ਬਣ ਜਾਂਦੀ
ਸੁੱਤੇ ਪਏ ਦਾ ਵੀ ਵਿਸਾਹ ਨਾ ਖਾਂਦੀ
ਦੁਆਵਾਂ ਕਰਦੀ ਮੇਰੇ ਪੁੱਤ ਨੂੰ ਲੱਗੇ ਨਾ ਤੱਤੀ ਵਾ
ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਕਿੰਨ੍ਹੇ ਦੁੱਖ ਮਾਂ ਤੂੰ ਆਪਣੇ ਸੀਨੇ ‘ਤੇ ਝੱਲੇ
ਕਦੇ ਨਾ ਕਿਹਾ ਪੁੱਤ ਆਪਾਂ ਰਹਿ ਗਏ ਇਕੱਲੇ
ਬਾਪੂ ਤੇਰੀ ਛੱਡ ਕੇ ਤੁਰ ਗਿਆ ਸੀ ਬਾਂਹ
ਤਾਂਹੀ ਦੇਖੀ ਨੀ ਤੂੰ ਕਦੇ ਧੁੱਪ ਕਦੇ ਛਾਂ
ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਤੇਰੇ ਮੇਰੇ ਜਨਮ ਜਨਮ ਦੇ ਨਾਤੇ
ਤੇਰੇ ਅਹਿਸਾਨ ਮੈਂ ਪਾਵਾਂ ਕਿਹੜੇ ਖਾਤੇ
ਗੁੱਸੇ ਵਿਚ ਆਈ ਜਦ ਕੁੱਟ ਸੀ ਜਾਂਦੀ
ਸਾਰੀ ਦਿਹਾੜੀ ਫਿਰ ਰੋਟੀ ਨਾ ਖਾਂਦੀ
ਰੱਬ ਅੱਗੇ ਖੜ੍ਹ ਕਹਿੰਦੀ ਮੈਂ ਪਾਪਣ ਹਾਂ
ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਅੱਜ ਵੀ ਝੋਲੀ ਅੱਡ ਇਹੋ ਮੰਗਾਂ ਦੁਆਵਾਂ
ਤੇਰੀ ਕੁੱਖ ਇੱਕ ਵਾਰ ਫੇਰ ਮੈਂ ਆਵਾਂ
ਗੋਦੀ ਤੇਰੀ ਵਰਗੀ ਮਿਲੀ ਨਾ ਕਿਤੇ ਨਿੱਘੀ ਥਾਂ
ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ
ਸਤਨਾਮ ਸਮਾਲਸਰੀਆ
97108-60004