ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਨੂੰ ਤੇਜ਼ ਰਫ਼ਤਾਰ ਬਰਾਡਬੈਂਡ ਸੇਵਾਵਾਂ ਨਾਲ ਜੋੜਨ ਵਾਲੇ ਪਹਿਲੇ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹ ਕੇਬਲ ਸਮੁੰਦਰ ਦੇ ਅੰਦਰੋਂ ਵਿਛਾਈ ਗਈ ਹੈ। ਇਸ ਖੇਤਰ ’ਚ ਡਿਜੀਟਲ ਸੇਵਾਵਾਂ ਅਤੇ ਸੈਰ-ਸਪਾਟਾ ਤੇ ਹੋਰ ਗਤੀਵਿਧੀਆਂ ਵਧਾਉਣ ’ਚ ਮਦਦ ਮਿਲੇਗੀ।
ਮੋਦੀ ਨੇ 30 ਦਸੰਬਰ 2018 ਨੂੰ ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਨੂੰ ਜੋੜਨ ਵਾਲੀ ਇਸ 2312 ਕਿਲੋਮੀਟਰ ਲੰਮੀ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ, ‘ਚੇਨੱਈ ਤੋਂ ਪੋਰਟ ਬਲੇਅਰ, ਪੋਰਟ ਬਲੇਅਰ ਤੋਂ ਲਿਟਲ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਦੀਪ ਤੱਕ ਇਹ ਸੇਵਾ ਅੱਜ ਤੋਂ ਅੰਡੇਮਾਨ ਨਿਕੋਬਾਰ ਦੇ ਵੱਡੇ ਹਿੱਸੇ ’ਚ ਸ਼ੁਰੂ ਹੋ ਗਈ ਹੈ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਨੂੰ ਆਧੁਨਿਕ ਦੂਰ ਸੰਚਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਏ। ਪੋਰਟ ਬਲੇਅਰ ਦੇ ਨਾਲ ਹੀ ਇਹ ਸੇਵਾ ਦੀਪ, ਲਾਂਗ ਆਈਲੈਂਡ, ਰੰਗਤ, ਲਿਟਲ ਅੰਡੇਮਾਨ, ਕਾਰਮੋਟਾ, ਕਾਰ ਨਿਕੋਬਾਰ ਤੇ ਗਰੇਟਰ ਨਿਕੋਬਾਰ ਨੂੰ ਵੀ ਸੰਪਰਕ ਮੁਹੱਈਆ ਕਰਵਾਏਗੀ।