(ਸਮਾਜ ਵੀਕਲੀ)
ਚਾਰੇ ਪਾਸੇ ਨ੍ਹੇਰ ਪਸਰਿਆ
ਮੱਚੀ ਹਾ-ਹਾ-ਕਾਰ
ਧਰਮਾਂ ਦੀਆਂ ਅੱਗਾਂ ਅੰਦਰ
ਸੜ ਗਏ ਚਿਹਰੇ ਕਈ ਹਜ਼ਾਰ
ਬੂਬਨੇ ਸਾਧਾਂ ਨੇ ਦੇਸ਼ ਦੀ ਜਨਤਾ ਅੰਦਰ
ਕੈਸੀ ਖਿੱਚੀ ਇਹ ਲਕੀਰ
ਧਰਤ ਲੁਕਾਈ ਸੜ ਰਹੀ
ਲੱਭਦੀ ਨਾਨਕ ਸ਼ਾਹ ਫਕੀਰ
ਪੌਣਾ ਅੰਦਰ ਜਹਿਰਾਂ ਘੁਲੀਆਂ
ਜਿਉਣਾ ਹੋਇਆ ਮੁਹਾਲ
ਕਿਹੜੇ ਰਾਹ ਘਰਾਂ ਨੂੰ ਪਰਤਣ ਰਾਹੀ
ਹਾਲ ਹੋਏ ਬੇ-ਹਾਲ
ਘਰ ਦੇ ਚੌਂਕੀਦਾਰ ਬਿਠਾਏ
ਘਰ ਦੇ ਬਣੇ ਲੂਟੇਰੇ
ਵਾੜ ਖੇਤ ਨੂੰ ਖਾਵਣ ਲੱਗੀ
ਦਹਿਸ਼ਤ ਚਾਰ-ਚੁਫੇਰੇ
ਕਦੇ ਨੋਟਬੰਦੀ- ਕਦੇ ਕਰੋਨਾ
ਲੱਕ ਲੋਕਾਂ ਦੇ ਤੋੜੇ
ਅਫਸਰ ਸ਼ਾਹੀ ਏ-ਸੀ ਵਿੱਚ ਸੁੱਤੀ
ਵੇਚ ਕੇ ਅਰਬੀ ਘੋੜੇ
ਰੇਲਾਂ ਰੁਕੀਆਂ ਬੱਸਾਂ ਰੁਕੀਆਂ
ਰੁਕਿਆ ਕੁੱਲ ਹਜੂਮ
ਜਿਸ ਦੀ ਲਾਠੀ ਉਸਦੀ ਭੈਂਸ
ਕੈਸਾ ਇਹ ਕਾਨੂੰਨ
ਕਿੰਨੇ ਦਿਨ ਹੋਗੇ ਕੰਮ ਦੀ ਉਡੀਕ ‘ਚ
ਚੌਂਕ ‘ਚ ਖੜੇ ਕਰਿੰਦੇ
ਢਿੱਡ ਆਪਣੇ ਨੂੰ ਕਿੱਥੋਂ ਲੱਭ ਕੇ ਲਾਈਏ
ਸਬਰਾਂ ਵਾਲੇ ਜਿੰਦੇ
ਕਿਸੇ ਦੇ ਘਰ ਦਾ ਇੱਕੋ ਚਿਰਾਗ ਹੋਣੇ ਨੇ
ਕਿਸੇ ਅੱਲੜ ਦੇ ਸਿਰ ਦਾ ਸੁਹਾਗ ਹੋਣੇ ਨੇ
ਕਿਸੇ ਮਾਸੂਮ ਦੇ ਬਾਪ ਤੇ ਕਿਸੇ ਭੈਣ ਦੇ ਵੀਰ
ਪੇਟੀ ਵਿੱਚ ਬੰਦ ਲਾਸ਼ ਆਈ ਜਦੋਂ
ਲੈ ਗਈ ਕਲੇਜਾ ਚੀਰ
ਵਤਨਾਂ ਦਾ ਕੀ ਮਾਣ ਕਰਨਗੇ
ਬੇ-ਘਰੇ ਜੋ ਹੋਏ
ਕੀ ਇਨਸਾਫ ਮੰਗਣਗੇ ਮਾਪੇ
ਪੁੱਤ ਜਿੰਨਾ ਦੇ ਮੋਏ
ਬੜਾ ਡਾਢਿਆਂ ਕਹਿਰ ਕਮਾਇਆ
ਪਾੜ ਕੇ ਤੇਰੀ ਬਾਣੀ
ਸਿੱਧੂ ਕਹੇ ਇੱਕ ਦਿਨ ਮਰ ਜਾਵਣਗੇ ਉਹ
ਕਰਦੇ ਪਾਣੀ -ਪਾਣੀ
ਕਰਦੇ ਪਾਣੀ -ਪਾਣੀ
ਸਤਨਾਮ ਸਮਾਲਸਸਰੀਆ
ਪਿੰਡ ਸਮਾਲਸਰ (ਮੋਗਾ)
97108-60004