ਵਾਸ਼ਿੰਗਟਨ (ਸਮਾਜ ਵੀਕਲੀ) :ਅਮਰੀਕੀ ਖ਼ੁਫ਼ੀਆ ਏਜੰਸੀ ਦਾ ਮੰਨਣਾ ਹੈ ਕਿ ਰੂਸ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਇ ਬਿਡੇਨ ਨੂੰ ਬਦਨਾਮ ਕਰਨ ਲਈ ਕਈ ਹੱਥਕੰਡੇ ਵਰਤ ਰਿਹਾ ਹੈ। ਉਹ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁੜ ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ’ਤੇ ਦੇਖਣਾ ਚਾਹੁੰਦਾ ਹੈ ਜਿਸ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।
ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਚੀਨ ਟਰੰਪ ਨੂੰ ਦੂਜੀ ਵਾਰ ਰਾਸ਼ਟਰਪਤੀ ਅਹੁਦੇ ’ਤੇ ਨਹੀਂ ਦੇਖਣਾ ਚਾਹੁੰਦਾ ਹੈ ਅਤੇ ਉਸ ਨੇ ਵ੍ਹਾਈਟ ਹਾਊਸ ਦੀ ਆਲੋਚਨਾ ਤੇਜ਼ ਕਰ ਦਿੱਤੀ ਹੈ। ਕਾਊਂਟਰ ਇੰਟੈਲੀਜੈਂਸ ਦੇ ਮੁਖੀ ਨੇ ਰਾਸ਼ਟਰਪਤੀ ਚੋਣਾਂ ’ਚ ਵਿਦੇਸ਼ੀ ਦਖ਼ਲ ਦੇ ਖ਼ਤਰੇ ਬਾਰੇ ਵੀ ਚਿਤਾਵਨੀ ਦਿੱਤੀ ਹੈ। ਰੂਸ ਬਿਡੇਨ ਤੋਂ ਇਸ ਗੱਲ ਤੋਂ ਵੀ ਔਖਾ ਹੈ ਕਿ ਉਸ ਨੇ ਓਬਾਮਾ ਪ੍ਰਸ਼ਾਸਨ ਸਮੇਂ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਰਹਿੰਦਿਆਂ ਯੂਕਰੇਨ ਨੂੰ ਹਮਾਇਤ ਦੇਣ ਅਤੇ ਰੂਸੀ ਆਗੂ ਵਲਾਦੀਮੀਰ ਪੂਤਿਨ ਦਾ ਵਿਰੋਧ ਕਰਨ ਦੀ ਨੀਤੀ ਘੜੀ ਸੀ।