ਸਾਈਕਲ ਦਾ ਸਟੈਂਡ..

ਸੁਰਜੀਤ ਸਿੰਘ "ਦਿਲਾ ਰਾਮ"

(ਸਮਾਜ ਵੀਕਲੀ)

ਪਾਲੇ ਨੂੰ ਪਿੰਡ ਕੌਣ ਨਹੀਂ ਜਾਣਦਾ।ਪਿੰਡ ਦਾ ਸਭ ਤੋਂ ਅਮੀਰ ਬੰਦਾ ਸੀ।ਸ਼ਾਇਦ ਇਹ ਜ਼ਮੀਨ ਜਾਇਦਾਦ ਉਨੂ ਉਹਦੇ ਦਾਦੇ ਪੜਦਾਦਿਆਂ ਤੋਂ ਮਿਲੀ। ਪਿੰਡ ਦਾ ਪੰਚਾਇਤੀ ਜਾਂ ਰਾਜਨੀਤਿਕ ਕੋਈ ਵੀ ਕੰਮ ਹੋਵੇ ਵਧ ਚੜ੍ਹ ਕੇ ਹਿੱਸਾ ਲਿਆ ਕਰਦਾ । ਅੱਧਾ ਪਿੰਡ ਉਹ ਆਪਣੇ ਮਗਰ ਲਾਈ ਫਿਰਦਾ ਸੀ। ਪੜ੍ਹਿਆ ਭਾਵੇਂ ਗਿਆਰਾਂ ਹੀ ਪਰ ਫਿਰ ਵੀ ਪਿੰਡ ਦੇ ਲੋਕ ਉਸਦਾ ਸਤਿਕਾਰ ਕਰਦੇ। ਜੱਸਾ ਕੰਮਚੋਰ , ਆਲਸੀ ਤੇ ਹਮੇਸ਼ਾ ਯੱਕੜ ਮਾਰਨ ਵਾਲਾ ਪਾਲੇ ਦਾ ਮੁੰਡਾ ਸੀ। ਪਾਲੇ ਤੇ ਉਹਦੇ ਮੁੰਡੇ ਦੀ ਹਰ ਕੋਈ ਇੱਜਤ ਕਰਦਾ। ਹਰ ਕੋਈ ਜੀ ਜੀ ਆਖ ਕੇ ਬੁਲਾਇਆ ਕਰਦੇ ।ਨਾਲੇ “ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ”।

ਪਾਲਾ ਲਾਈ ਲੱਗ ਤੇ ਅਮੀਰਾਂ ਦੀ ਚਮਚਾ ਗਿਰੀ ਕਰਨ ਵਾਲਾ ਸੀ।ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਉਹ ਨੀਟੇ ਦੇ ਨਾਲ ਸੀ। ਲੋਕਾਂ ਨੂੰ ਕਹਿੰਦਾ ਰਿਹਾ ਕਿ” ਆਪਾਂ ਐਤਕੀ ਨੀਟੇ ਨੂੰ ਜਿਤਾਉਣਾ ਐ”। ਪਿੰਡ ਦਾ ਅਮੀਰ ਹੋਣ ਕਰਕੇ ਲੋਕ ਬਥੇਰੇ ਪਿੱਛੇ ਲੱਗ ਗਏ ਕਿਉਂਕਿ ਇੱਥੇ ਰਿਵਾਜ ਐ ਕਿ ਗਰੀਬ ਜਿੰਨਾਂ ਮਰਜ਼ੀ ਸਿਆਣਾ ਕਿਉਂ ਨਾ ਹੋਵੇ ਪਰ ਲੱਗਣਾ ਤਗੜੇ ਦੇ ਹੀ ਪਿੱਛੇ ਆ।

ਪੰਚਾਇਤੀ ਚੋਣਾਂ ਤੋਂ ਚਾਰ ਕੁ ਦਿਨ ਪਹਿਲਾਂ ਹੀ ਉਨੇ ਨੀਟੇ ਨੂੰ ਛੱਡ ਕੇ ਕਰਤਾਰੇ ਦੇ ਹੱਕ ਚ ਵੋਟਾਂ ਪਾਉਣ ਲਈ ਜਦੋਂ ਲੋਕਾਂ ਨੂੰ ਕਿਹਾ ਤਾਂ ਸਾਰੇ ਹੈਰਾਨ ਹੋ ਗਏ। ਅਸਲ ਵਿੱਚ ਮੰਤਰੀ ਦਾ ਖਾਸ ਬੰਦਾ ਪਾਲੇ ਨੂੰ ਮਿਲ ਕੇ ਗਿਆ ਸੀ ਤੇ ਉਹਦੇ ਕਹਿਣ ਤੇ ਹੀ ਪਾਲੇ ਨੇ ਨੀਟੇ ਦਾ ਸਾਥ ਛੱਡ ਦਿੱਤਾ।ਪਰ ਹੱਦ ਤਾਂ ਓਦੋਂ ਹੋਈ ਜਦੋਂ ਪਾਲੇ ਨੇ ਸਾਂਢੂ ਜਿੰਦਰ ਦੇ ਕਹਿਣ ਤੇ ਆਪਣੇ ਪਰਿਵਾਰ ਦੀਆਂ ਸਾਰੀਆਂ ਵੋਟਾਂ ਲੱਖੇ ਨੂੰ ਪਵਾ ਦਿੱਤੀਆਂ। ਇਹਦਾ ਪਤਾ ਵੀ ਉਦੋਂ ਲਗਿਆ ਜਦੋਂ ਬੰਸੇ ਨੇ ਦੱਸਿਆ “ਕਿ ਸਾਂਢੂ ਉਹਦੇ ਦੀ ਲੱਖੇ ਨਾਲ ਬਣਦੀ ਸੀ ਤੇ ਲੱਖੇ ਨੇ ਹੀ ਸਾਂਢੂ ਨੂੰ ਪਿੰਡ ਸੱਦਿਆ ਸੀ”। ਹੌਲੀ ਹੌਲੀ ਲੋਕਾਂ ਦੇ ਕੰਨਾਂ ਤੱਕ ਵੀ ਇਹ ਗੱਲ ਪਹੁੰਚ ਗਈ।

ਪਿੰਡ ਦੇ ਹਰ ਮਸਲੇ ‘ਚ ਉਹ ਆਵਦੀ ਰੁਚੀ ਦਿਖਾਇਆ ਕਰਜਾ। ਕਲ੍ਹ ਹੀ ਸ਼ਿੰਦੋ ਦੇ ਘਰ ਲੜਾਈ ਹੋਈ ਤਾਂ ਰਾਜ਼ੀਨਾਮਾ ਕਰਵਾਉਣ ਪਹੁੰਚ ਗਿਆ।ਕਦੇ ਸ਼ਿੰਦੋ ਦੇ ਹੱਕ ‘ਚ ਹੋ ਜਾਵੇ ਕਦੇ ਉਹਦੇ ਘਰਵਾਲੇ ਦੇ, ਇਹ ਤਾਂ ਭਲਾ ਹੋਵੋ ਬਚਨੋ ਦਾ ਜਿੰਨੇ ਸ਼ਿੰਦੋ ਦੇ ਹੱਕ ਦੀ ਗਲ ਕਰਦਿਆ ਉਨ੍ਹਾਂ ਦਾ ਨਬੇੜਾ ਕਰਵਾਇਆ।

ਹੌਲੀ ਹੌਲੀ ਲੋਕਾਂ ਪਾਲੇ ਦਾ ਭੇਤ ਪਾ ਲਿਆ ਸੀ। ਘਰ ਦੇ ਮਾਮਲੇ ਹੋਣ ਜਾਂ ਪੰਚਾਇਤੀ , ਲੋਕਾਂ ਨੇ ਇਹਦੀ ਸਲਾਹ ਲੈਣੀ ਹੀ ਬੰਦ ਕਰ ਦਿੱਤੀ। ਪੰਚਾਇਤੀ ਚੋਣਾਂ ਵੇਲੇ ਜੋ ਇੰਨੇ ਕੀਤਾ ਉਹ ਲੋਕ ਕਦੇ ਨਹੀਂ ਭੁੱਲਦੇ। ਦੋਗਲਪੁਣਾ ਪਾਲੇ ਦਾ ਵਧਦਾ ਜਾ ਰਿਹਾ ਸੀ ਪਰ ਕਿਸੇ ਦੀ ਹਿੰਮਤ ਨਾ ਹੋਈ ਕਿ ਉਨੂ ਕੁਝ ਕਹਿ ਸਕੇ।

ਇਕ ਦਿਨ ਗੁਰਦੁਆਰੇ ਦੇ ਭਾਈ ਨੇ ਸਪੀਕਰ ‘ਚ ਅਵਾਜ ਦਿੱਤੀ “ਕਿ ਛੱਪੜ ਦੇ ਪਾਣੀ ਦੇ ਨਿਕਾਸ ਮਾਮਲੇ ਤੇ ਲੋਕ ਛੱਪੜ ਕੋਲ ਇਕੱਠੇ ਹੋਣ , ਨਹਿਰੀ ਮਹਿਕਮੇ ਦੇ ਅਫਸਰ ਆਏ ਨੇ”।

ਤਕਰੀਬਨ ਅੱਧਾ ਪਿੰਡ ਛੱਪੜ ਕੰਡੇ ਪਹੁੰਚ ਗਿਆ। ਪਾਣੀ ਦੇ ਨਿਕਾਸ ਲਈ ਅਫਸਰ ਨੇ ਕਿਹਾ “ਦੋ ਕੁ ਕਿਲੇ ਜਮੀਨ ਵਿੱਚ ਦੀ ਪਾਈਪ ਪਾਉਣੀ ਆ”।

ਪੰਚਾਇਤ ਉਨ੍ਹਾਂ ਦਾ ਸਹਿਯੋਗ ਕਰੇ। ਸਭ ਤੋਂ ਅੱਗੇ ਹੋ ਕੇ ਅਫਸਰ ਨੂੰ ਪਾਲਾ ਕਹਿਣ ਲਗਿਆ ” ਜਨਾਬ ਸੁਚੇ ਦੀ ਪੈਲੀ ਥਾਂਈ ਪਾਈਪ ਪਾ ਲੋ , ਨਾਲੇ ਨੇੜੇ ਵੀ ਆ”। ਕੁਝ ਸਮੇਂ ਬਾਅਦ ਹੀ ਆ ਕੇ ਬਿਆਨ ਬਦਲ ਗਿਆ ” ਅਖੇ ਨਹੀਂ ਨਹੀਂ ਜਨਾਬ ! ਤੁਸੀਂ ਜੀਤੇ ਦੇ ਵਾਹਨ ਵਿੱਚ ਦੀ ਪਾ ਦਿਉ । ਜੀਤੇ ਨੇ ਕਿਹਾ ਪਾਲੇ ਬਾਈ ਰਾਮੇ ਦੀ ਜਮੀਨ ਨੇੜੇ ਆ ਉਹ ਠੀਕ ਰਹੂ ਮੇਰੇ ਤਾਂ ਨਾਲੇ ਹੈ ਵੀ ਦੋ ਕੁ ਕਿਲੇ ਆ।

ਜਨਾਬ ਤੁਸੀਂ ਰਾਮੇ ਦੀ ਪੈਲੀ ਦੇਖ ਲੋ ਨਾਲੇ ਇਹ ਛੱਪੜ ਦੇ ਨੇੜੇ । ਰਾਮਾ ਉੱਚੀ ਸਾਰੀ ਬੋਲਿਆ ” ਉਹ ਚਾਚਾ! ਮੇਰਾ ਬਾਪੂ ਦੱਸਿਆ ਕਰਦਾ ਸੀ ਕਿ ਆਪਣੇ ਘਰ ਨਾ ਸੱਠ ਸਾਲ ਪੁਰਾਣਾ ਸਾਈਕਲ ਹੈ ਤੇ ਉਹ ਅਜੇ ਵੀ ਆਵਦੇ ਸਟੈਂਡ ਤੇ ਖੜਦਾ ਐ, ਤੇਰਾ ਤਾਂ ਚਾਚਾ ਉਹ ਵੀ ਨਹੀਂ ਹੈਗਾ”। ਇੰਨੀ ਗਲ ਸੁਣ ਸਾਰੇ ਦੇ ਚਿਹਰਿਆਂ ਤੇ ਹਾਸਾ ਆਇਆ। ਦੋ ਚਾਰ ਨੇ ਵਾਹ ਵਾਹ ਕਰਦਿਆਂ ਰਾਮੇ ਨੂੰ ਜੱਫੀ ਪਾਈ ਤੇ ਕਿਹਾ “ਅੱਜ ਕਿਸੇ ਨੇ ਹਿੰਮਤ ਕੀਤੀ ਆ ਬੋਲਣ ਦੀ”। ਲੋਕਾਂ ‘ਚ ਉਡਿਆ ਮਜਾਕ ਦੇਖ ਕੇ ਪਾਲੇ ਨੇ ਸਕੂਟਰ ਦੀ ਕਿੱਕ ਮਾਰੀ ਦੇ ਘਰਾਂ ਨੂੰ ਚਲਦਾ ਬਣਿਆ। ਹੁਣ ਕਦੇ ਕਿਸੇ ਮਸਲੇ ‘ਚ ਪਾਲੇ ਨੇ ਦਖਲਅੰਦਾਜ਼ੀ ਨਹੀ ਦਿੱਤੀ ਤੇ ਨਾ ਹੀ ਕੋਈ ਰਾਜਨੀਤਕ ਬੰਦਾ ਉਹਦੇ ਕੋਲ ਆਉਦਾ।

ਸੁਰਜੀਤ ਸਿੰਘ “ਦਿਲਾ ਰਾਮ”
ਫਿਰੋਜ਼ਪੁਰ
ਸੰਪਰਕ 99147-22933

Previous articleMathura bans entry of outsiders during Janmashtami
Next article38 new corona cases in Agra, 43 in Mainpuri