ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ ਰਿਕਾਰਡ 62,538 ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ ਸ਼ੁੱਕਰਵਾਰ ਨੂੰ 20 ਲੱਖ ਦੇ ਪਾਰ ਚਲੀ ਗਈ, ਜਦੋਂ ਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 13.78 ਲੱਖ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਮੁਲਕ ਵਿੱਚ ਕੋਵਿਡ-19 ਕੇਸਾਂ ਨੂੰ ਇਕ ਲੱਖ ਤਕ ਪੁੱਜਣ ਵਿੱਚ ਜਿਥੇ 110 ਦਿਨ ਲੱਗੇ ਸਨ ਉਥੇ 59ਵੇਂ ਦਿਨ ਇਹ ਅੰਕੜਾ 10 ਲੱਖ ਦੇ ਪਾਰ ਚਲਾ ਗਿਆ ਸੀ। ਇਸ ਤੋਂ ਬਾਅਦ ਪੀੜਤਾਂ ਦੀ ਗਿਣਤੀ 20 ਲੱਖ ਤਕ ਪੁੱਜਣ ਵਿੱਚ ਮਹਿਜ਼ 21 ਦਿਨ ਲੱਗੇ। ਇਹ ਲਗਾਤਾਰ ਨੌਵਾਂ ਦਿਨ ਹੈ ਜਦੋਂ ਕੋਵਿਡ-19 ਦੇ ਇਕ ਦਿਨ ਵਿੱਚ 50 ਹਜ਼ਾਰ ਤੋਂ ਵਧ ਕੇਸ ਸਾਹਮਣੇ ਆਏ ਹਨ।
ਨਵੇਂ ਕੇਸਾਂ ਨੂੰ ਮਿਲਾ ਕੇ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਕੁਲ ਗਿਣਤੀ 20, 27,074 ਹੋ ਗਈ ਹੈ। ਇਸ ਤਰ੍ਹਾਂ ਬੀਤੇ 24 ਘੰਟਿਆਂ ਵਿੱਚ 886 ਹੋਰ ਲੋਕ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਤਰ੍ਹਾਂ ਕਰੋਨਾ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 41,585 ਹੋ ਗਈ ਹੈ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 67.98 ਫੀਸਦੀ ਹੈ।