ਕਰੋਨਾ ਪੀੜਤਾਂ ਨੇ ਦੱਖਣੀ ਆਸਟਰੇਲੀਆ ਸਰਕਾਰ ਦੀ ਚਿੰਤਾ ਵਧਾਈ

ਐਡੀਲੇਡ (ਸਮਾਜ ਵੀਕਲੀ) : ਕਰੋਨਾ ਸੰਕਟ ਦੌਰਾਨ ਦੱਖਣੀ ਆਸਟਰੇਲੀਆ ਵਿਚ ਪਰਤੇ ਲੋਕਾਂ ਵਿਚ ਕਰੋਨਾ ਦੇ ਕੇਸ ਮਿਲਣ ਕਾਰਨ ਮੁੜ ਤੋਂ ਖੌਫ਼ ਪੈਦਾ ਹੋ ਗਿਆ ਹੈ। ਗੁਆਂਢੀ ਸੂਬੇ ਵਿਕਟੋਰੀਆ ਨਾਲ ਸਰਹੱਦ ਲੱਗਣ ਦੀਆਂ ਨਿਰਧਾਰਿਤ ਸ਼ਰਤਾਂ ਮੁਕੰਮਲ ਨਾ ਕਰ ਸਕਣ ਕਾਰਨ ਸਰਹੱਦ ਤੋਂ ਵਾਪਸ ਮੋੜੇ ਦੱਖਣੀ ਆਸਟਰੇਲੀਅਨ ਵਾਸੀ ਚੋਰ ਰਸਤਿਆਂ ਰਾਹੀਂ ਸੂਬੇ ਵਿੱਚ ਦਾਖ਼ਲ ਹੋ ਰਹੇ ਹਨ।

ਉਨ੍ਹਾਂ ਦੇ ਐਡੀਲੇਡ ਦੇ ਪੱਬਾਂ ਅਤੇ ਕਲੱਬਾਂ ਤੋਂ ਪੁਲੀਸ ਦੇ ਹੱਥ ਲੱਗਣ ਕਾਰਨ ਦੱਖਣੀ ਅਾਸਟਰੇਲੀਅਨ ਸਰਕਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੂਬਾ ਸਰਕਾਰ ਨੇ ਕਰੋਨਾ ਦੇ ਫੈਲਦੇ ਪ੍ਰਭਾਵ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿਚ ਦਿੱਤੀ ਢਿੱਲਾਂ ’ਤੇ ਮੁੜ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।

ਇਸ ਤਹਿਤ ਪਰਿਵਾਰਕ ਸਮਾਗਮਾਂ ਵਿੱਚ 50 ਲੋਕਾਂ ਦੇ ਇਕੱਠ ਨੂੰ ਘਟਾ ਕੇ 10 ਕਰਨ ਅਤੇ ਰੈਸਟੋਰੈਂਟ, ਪੱਬਾਂ, ਕਲੱਬਾਂ ਆਦਿ ’ਤੇ ਸੀਮਤ ਲੋਕ ਸਮਾਜਿਕ ਦੂਰੀ ਬਰਕਰਾਰ ਰੱਖ ਕੇ ਬੈਠਣ, ਸੁਪਰ ਮਾਰਕਿਟ ਅਤੇ ਸ਼ਾਪਿੰਗ ਮਾਲ ਵਿੱਚ ਵੀ 1.5 ਮੀਟਰ ਦੀ ਦੂਰੀ ਨੂੰ ਬਰਕਰਾਰ ਰੱਖਣ ਦੀਆਂ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਸੂਬੇ ਦੇ ਸਿਹਤ ਵਿਭਾਗ ਨੇ ਐਡੀਲੇਡ ਦੇ ਤਿੰਨ ਕੇਅਰ ਸੈਂਟਰ ਬੰਦ ਕਰ ਦਿੱਤੇ ਹਨ। ਸਿਹਤ ਵਿਭਾਗ ਨੇ ਐਡੀਲੇਡ ਦੇ ਦੋ ਸਕੂਲਾਂ ਨੂੰ 24 ਘੰਟੇ ਲਈ ਬੰਦ ਕਰ ਕੇ ਉਸ ਨੂੰ ਕਲੀਨ ਕਰਨ ਉਪਰੰਤ ਮੁੜ ਖੋਲ੍ਹਿਆ ਗਿਆ ਹੈ।

ਦੱਖਣੀ ਆਸਟਰੇਲੀਆ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਪ੍ਰੋਫੈਸਰ ਨਿਕੋਲਾ ਸਪੁਰਿਅਰ ਨੇ ਕਿਹਾ ਕਿ ਵਿਭਾਗ ਨੇ ਐਡੀਲੇਡ ਵਿੱਚ ਵਿਦਿਅਕ ਅਦਾਰਿਆਂ ਅਤੇ ਹੋਰ ਜਨਤਕ ਥਾਵਾਂ ’ਤੇ ਜਾਣ ਵਾਲਿਆਂ ਦੇ ਕਰੋਨਾ ਟੈਸਟ ਨੈਗੇਟਿਵ ਆਏ ਹਨ। ਕਰੋਨਾ ਪੀੜਤਾਂ ਦਾ ਪਹਿਲ ਦੇ ਅਾਧਾਰ ’ਤੇ ਡਾਕਟਰੀ ਇਲਾਜ ਕਰਨ ਕਰ ਕੇ ਸੂਬੇ ਵਿੱਚ ਪਿਛਲੇ 24 ਘੰਟੇ ਵਿੱਚ ਕੋਈ ਵੀ ਕਰੋਨਾ ਪੀੜਤ ਕੇਸ ਸਾਹਮਣੇ ਨਹੀਂ ਆਇਆ ਹੈ।

Previous articleਟਾਈਮਜ਼ ਸਕੁਏਅਰ ਦੇ ਬਿੱਲਬੋਰਡ ’ਤੇ ਭਗਵਾਨ ਰਾਮ ਦੀਆਂ ਤਸਵੀਰਾਂ ਪ੍ਰਦਰਸ਼ਿਤ
Next articleਲੋਕਾਂ ਨੂੰ ਠੱਗਣ ਵਾਲੇ ਭਾਰਤੀ ਨਾਗਰਿਕ ਨੂੰ ਸਜ਼ਾ