ਜਨੇਵਾ (ਸਮਾਜ ਵੀਕਲੀ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਵੈਕਸੀਨ ਦੀ ਉਮੀਦ ਦੇ ਬਾਵਜੂਦ ਕੋਵਿਡ-19 ਤੋਂ ਫੌਰੀ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਉਨ੍ਹਾਂ ਭਾਰਤ ਅਤੇ ਬ੍ਰਾਜ਼ੀਲ ਸਮੇਤ ਹੋਰ ਮੁਲਕਾਂ ਨੂੰ ਕਿਹਾ ਕਿ ਉਹ ਲੰਬੀ ਜੰਗ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਹਾਲਾਤ ਆਮ ਵਰਗੇ ਹੋਣ ’ਚ ਅਜੇ ਲੰਬਾ ਵਕਤ ਲੱਗ ਸਕਦਾ ਹੈ।
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬ੍ਰਿਸਸ ਅਤੇ ਸੰਗਠਨ ਦੇ ਐਮਰਜੈਂਸੀ ਮਾਮਲਿਆਂ ਦੇ ਮੁਖੀ ਮਾਈਕ ਰਿਆਨ ਨੇ ਸਾਰੇ ਮੁਲਕਾਂ ਨੂੰ ਕਿਹਾ ਕਿ ਉਹ ਮਾਸਕ ਪਾਉਣ, ਸਮਾਜਿਕ ਦੂਰੀ, ਹੱਥ ਧੋਣ ਅਤੇ ਟੈਸਟਿੰਗ ਜਿਹੇ ਕਦਮਾਂ ਦਾ ਸਖ਼ਤੀ ਨਾਲ ਪਾਲਣ ਕਰਨ। ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਟੈਡਰੋਸ ਨੇ ਕਿਹਾ ਕਿ ਵੈਕਸੀਨ ਦੇ ਕਈ ਪ੍ਰੀਖਣ ਤੀਜੇ ਪੜਾਅ ਹੇਠ ਹਨ ਪਰ ਅਜੇ ਰਾਹਤ ਦੀ ਕੋਈ ਸੂਰਤ ਨਜ਼ਰ ਨਹੀਂ ਆਉਂਦੀ ਹੈ।